Saturday, May 23Punjabi People

ਗੁਰਮੀਤ ਖੁੱਡੀਆਂ ਵੱਲੋਂ ਵੈਟਰਨਰੀ ਅਧਿਕਾਰੀਆਂ, ਇੰਸਪੈਕਟਰਾਂ ਅਤੇ ਡੇਅਰੀ ਵਿਕਾਸ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ

ਚੰਡੀਗੜ੍ਹ, 15 ਅਪ੍ਰੈਲ 2026:   ਸੂਬੇ ਦੇ ਪਸ਼ੂ ਪਾਲਣ ਖੇਤਰ ਨੂੰ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਤਿੰਨ ਵੈਟਰਨਰੀ ਅਫ਼ਸਰਾਂ, ਇੱਕ ਵੈਟਰਨਰੀ ਇੰਸਪੈਕਟਰ ਅਤੇ 16 ਡੇਅਰੀ ਵਿਕਾਸ ਇੰਸਪੈਕਟਰਾਂ (ਗ੍ਰੇਡ-2) ਨੂੰ ਨਿਯੁਕਤੀ ਪੱਤਰ ਸੌਂਪੇ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਪਿਛਲੇ ਚਾਰ ਸਾਲਾਂ ਵਿੱਚ ਪਸ਼ੂ ਪਾਲਣ ਵਿਭਾਗ ਵਿੱਚ ਕੁੱਲ 1257 ਭਰਤੀਆਂ ਕੀਤੀਆਂ ਗਈਆਂ ਹਨ। 2022 ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਯੋਗਤਾ ਅਧਾਰਿਤ ਅਤੇ ਪਾਰਦਰਸ਼ੀ ਢੰਗ ਨਾਲ 619 ਵੈਟਰਨਰੀ ਅਫ਼ਸਰਾਂ ਅਤੇ 579 ਵੈਟਰਨਰੀ ਇੰਸਪੈਕਟਰਾਂ ਦੀ ਨਿਯੁਕਤੀ ਕੀਤੀ ਹੈ। ਇਸ ਤੋਂ ਇਲਾਵਾ 16 ਕਲਰਕ (ਸਦਰ ਦਫ਼ਤਰ), 2 ਮਿਲਕ ਰਿਕਾਰਡਰ, 7 ਲੈਬ ਸਹਾਇਕ, 7 ਕੰਪਿਊਟਰ ਆਪਰੇਟਰ/ਗਣਨਾਕਾਰ, 1 ਮਸ਼ੀਨ ਆਪਰੇਟਰ, 1 ਇਨਕਿਊਬੇਟਰ ਆਪਰੇਟਰ, 2 ਲੀਗਲ ਕਲਰਕ ਅਤੇ 8 ਸਟੈਨੋਟਾਈਪਿਸਟਾਂ ਦੀ ਭਰਤੀ ਵੀ ਕੀਤੀ ਗਈ ਹੈ।

ਮੰਤਰੀ ਨੇ ਇਹ ਵੀ ਦੱਸਿਆ ਕਿ 14 ਕਲਰਕਾਂ ਅਤੇ 1 ਲੈਬ ਸਹਾਇਕ ਨੂੰ ਤਰਸ ਅਧਾਰ ‘ਤੇ ਨੌਕਰੀ ਦਿੱਤੀ ਗਈ ਹੈ।

ਨਵ-ਨਿਯੁਕਤ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਸ. ਖੁੱਡੀਆਂ ਨੇ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਉਣ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਸੂਬੇ ਦੇ ਪਸ਼ੂ ਪਾਲਕਾਂ ਅਤੇ ਡੇਅਰੀ ਮਾਲਕਾਂ ਨੂੰ ਸਮੇਂ ਸਿਰ ਅਤੇ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਮਿਲ ਸਕਣ। ਉਨ੍ਹਾਂ ਨੇ ਉਨ੍ਹਾਂ ਨੂੰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਰਹਿਣ ਅਤੇ ਸਰਕਾਰੀ ਸੇਵਾ ਦੇ ਉੱਚ ਮਾਪਦੰਡ ਬਣਾਈ ਰੱਖਣ ਲਈ ਵੀ ਉਤਸ਼ਾਹਿਤ ਕੀਤਾ।

ਸ. ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨਾ ਕੇਵਲ ਖਾਲੀ ਅਸਾਮੀਆਂ ਭਰੀਆਂ ਹਨ, ਸਗੋਂ ਪੂਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਵੀ ਯਕੀਨੀ ਬਣਾਇਆ ਹੈ। ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਪੇਂਡੂ ਖੇਤਰਾਂ ਵਿੱਚ ਪਸ਼ੂ ਸਿਹਤ ਸੇਵਾਵਾਂ ਮਜ਼ਬੂਤ ਹੋਣਗੀਆਂ, ਡੇਅਰੀ ਉਤਪਾਦਨ ਵਿੱਚ ਵਾਧਾ ਹੋਵੇਗਾ ਅਤੇ ਬਿਮਾਰੀਆਂ ਦੀ ਰੋਕਥਾਮ ਤੇ ਕੰਟਰੋਲ ਵਿੱਚ ਵੀ ਸੁਧਾਰ ਆਵੇਗਾ।

Leave a Reply

Your email address will not be published. Required fields are marked *