Saturday, May 23Punjabi People

‘ਯੁੱਧ ਨਸ਼ਿਆਂ ਵਿਰੁੱਧ’: ਫਿਰੋਜ਼ਪੁਰ ਪੁਲਿਸ ਨੇ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਵਿੱਚ ਸਮੱਗਲਰਾਂ ‘ਤੇ ਕੱਸਿਆ ਸ਼ਿਕੰਜਾ, ਗਲੌਕ ਪਿਸਤੌਲ ਅਤੇ ਆਈਸੀਈ ਨਸ਼ਾ ਬਰਾਮਦ

ਫਿਰੋਜ਼ਪੁਰ / ਚੰਡੀਗੜ੍ਹ, 15 ਅਪ੍ਰੈਲ 2026:   ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ ਅਪ੍ਰੈਲ ਦੇ ਪਹਿਲੇ ਪੰਦਰਾਂ ਦਿਨਾਂ ਦੌਰਾਨ 21 ਕਿਲੋ ਹੈਰੋਇਨ, 7 ਪਿਸਟਲਾਂ, 7 ਮੋਬਾਈਲ ਫੋਨ ਅਤੇ 34 ਸਿਮ ਕਾਰਡ ਬਰਾਮਦ ਕੀਤੇ ਹਨ। ਇਸ ਵਿੱਚ ਸ਼ਹਿਜ਼ਾਦ ਭੱਟੀ ਵੱਲੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਵੀ ਸ਼ਾਮਲ ਹੈ।

ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ “ਯੁੱਧ ਨਸ਼ਿਆਂ ਵਿਰੁੱਧ” ਅਤੇ “ਗੈਂਗਸਟਰਾਂ ‘ਤੇ ਵਾਰ” ਮੁਹਿੰਮਾਂ ਤਹਿਤ ਕਾਰਵਾਈ ਕਰਦਿਆਂ ਕਈ ਵੱਡੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਨੇ 10 ਕੇਸ ਦਰਜ ਕਰਕੇ 15 ਮੁੱਖ ਤਸਕਰਾਂ ਨੂੰ ਕਾਬੂ ਕੀਤਾ। ਇਨ੍ਹਾਂ ਕੋਲੋਂ 21 ਕਿਲੋ 343 ਗ੍ਰਾਮ ਹੈਰੋਇਨ, 521 ਗ੍ਰਾਮ ਆਈਸੀਈ ਡਰੱਗ, 1 ਕਿਲੋ ਅਫੀਮ, 2 ਡਰੋਨ, 7 ਮੋਬਾਈਲ ਫੋਨ, 34 ਸਿਮ ਕਾਰਡ, 3 ਮੋਟਰਸਾਈਕਲ, 1 ਗਲੋਕ ਪਿਸਟਲ ਅਤੇ 2 ਜਿੰਦੇ ਰੌਂਦ ਬਰਾਮਦ ਕੀਤੇ ਗਏ।

ਥਾਣਾ ਸਿਟੀ ਫਿਰੋਜ਼ਪੁਰ ਨੇ ਸੌਰਵ ਅਤੇ ਵੰਸ਼ ਨਾਮਕ ਤਸਕਰਾਂ ਤੋਂ 5 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਦਕਿ ਸੀਆਈਏ ਫਿਰੋਜ਼ਪੁਰ ਨੇ ਰਾਵਲ ਸਿੰਘ ਉਰਫ਼ ਚਾਂਦੀ ਕੋਲੋਂ 5 ਕਿਲੋ 566 ਗ੍ਰਾਮ ਹੈਰੋਇਨ ਅਤੇ 34 ਸਿਮ ਕਾਰਡ ਕਬਜ਼ੇ ਵਿੱਚ ਲਏ। ਥਾਣਾ ਮੱਲਾਂਵਾਲਾ ਨੇ ਖੇਤਾਂ ਵਿਚੋਂ 6 ਕਿਲੋ 930 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਕੀਤਾ।

ਸਮਾਜ ਵਿਰੋਧੀ ਤੱਤਾਂ ਵਿਰੁੱਧ ਕਾਰਵਾਈ ਦੌਰਾਨ ਪੁਲਿਸ ਨੇ 7 ਮਾਮਲਿਆਂ ਵਿੱਚ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 3 ਗਲੋਕ 9 ਐੱਮਐੱਮ ਪਿਸਟਲਾਂ ਸਮੇਤ 7 ਮੈਗਜ਼ੀਨ ਅਤੇ 23 ਜਿੰਦੇ ਰੌਂਦ, 2 ਪਿਸਟਲ 32 ਬੋਰ, 1 ਪਿਸਟਲ 30 ਬੋਰ ਅਤੇ ਕੁੱਲ 11 ਮੈਗਜ਼ੀਨ ਤੇ 26 ਜਿੰਦੇ ਰੌਂਦ ਬਰਾਮਦ ਕੀਤੇ।

ਇਸ ਤੋਂ ਇਲਾਵਾ ਪੁਲਿਸ ਨੇ 13 ਚੋਰੀਸ਼ੁਦਾ ਮੋਟਰਸਾਈਕਲ, 16 ਮੋਬਾਈਲ ਫੋਨ ਅਤੇ 2 ਬੈਟਰੀਆਂ ਵੀ ਬਰਾਮਦ ਕੀਤੀਆਂ। ਥਾਣਾ ਸਦਰ ਫਿਰੋਜ਼ਪੁਰ ਦੀ ਟੀਮ ਨੇ ਸਵਰਨ ਕੌਰ ਅਤੇ ਗੁਰਵਿੰਦਰ ਸਿੰਘ ਨੂੰ 2 ਗਲੋਕ ਪਿਸਟਲਾਂ ਅਤੇ ਵੱਡੀ ਮਾਤਰਾ ਵਿੱਚ ਗੋਲਾਬਾਰੂਦ ਸਮੇਤ ਗ੍ਰਿਫਤਾਰ ਕੀਤਾ। ਸਿਟੀ ਅਤੇ ਕੈਂਟ ਪੁਲਿਸ ਨੇ ਵੀ ਚੋਰੀ ਦੇ 11 ਮੋਟਰਸਾਈਕਲਾਂ ਅਤੇ ਮੋਬਾਈਲਾਂ ਸਮੇਤ ਕਈ ਦੋਸ਼ੀਆਂ ਨੂੰ ਕਾਬੂ ਕੀਤਾ।

ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਰੇ ਗਜ਼ਟਿਡ ਅਧਿਕਾਰੀਆਂ ਦੀ ਦੇਖਰੇਖ ਹੇਠ ਖਾਸ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਦਾ ਮੁੱਖ ਮਕਸਦ ਫਿਰੋਜ਼ਪੁਰ ਨੂੰ ਨਸ਼ਾ ਮੁਕਤ ਬਣਾਉਣਾ ਅਤੇ ਗੈਂਗਸਟਰ ਕਲਚਰ ਨੂੰ ਜੜ੍ਹ ਤੋਂ ਖਤਮ ਕਰਨਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *