
ਚੰਡੀਗੜ੍ਹ, 12 ਮਈ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਹਿਕਾਰੀ ਖੇਤਰ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਇਸ ਦੀ ਪਹੁੰਚ ਵਧਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿੱਚ ਵੇਰਕਾ ਦੀ ਨਵੀਂ ਅਤਿ-ਆਧੁਨਿਕ ਵੈਂਡਿੰਗ ਮਸ਼ੀਨ ਦਾ ਉਦਘਾਟਨ ਕੀਤਾ।
ਇਸ ਮੌਕੇ ਮੁੱਖ ਸਕੱਤਰ ਨੇ ਕਿਹਾ ਕਿ ਇਹ ਸਮਾਰਟ ਵੈਂਡਿੰਗ ਮਸ਼ੀਨਾਂ ਰਾਹੀਂ ਖਪਤਕਾਰਾਂ ਨੂੰ ਦੁੱਧ, ਟੈਟਰਾਪੈਕ ਫਲੇਵਰਡ ਮਿਲਕ, ਵੱਖ-ਵੱਖ ਕਿਸਮਾਂ ਦੀ ਲੱਸੀ, ਫਲਾਂ ਦੇ ਜੂਸ, ਮਿਨਰਲ ਵਾਟਰ ਅਤੇ ਆਈਸਕ੍ਰੀਮ ਵਰਗੇ ਉਤਪਾਦ ਆਸਾਨ ਅਤੇ ਸੁਵਿਧਾਜਨਕ ਢੰਗ ਨਾਲ ਮਿਲਣਗੇ। ਇਸ ਨਾਲ ਵੇਰਕਾ, ਸੋਹਣਾ ਅਤੇ ਫਾਈਵ ਰਿਵਰਜ਼ ਬ੍ਰਾਂਡ ਦੀ ਪਹੁੰਚ ਅਤੇ ਭਰੋਸੇਯੋਗਤਾ ਵਿੱਚ ਵੀ ਵਾਧਾ ਹੋਵੇਗਾ।
ਮਿਲਕਫੈੱਡ ਵੱਲੋਂ ਇਹ ਮਸ਼ੀਨਾਂ ਜਨਤਕ ਥਾਵਾਂ ‘ਤੇ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਤਾਜ਼ੇ, ਸਾਫ਼-ਸੁਥਰੇ ਅਤੇ ਗੁਣਵੱਤਾ ਵਾਲੇ ਵੇਰਕਾ ਉਤਪਾਦ ਆਸਾਨੀ ਨਾਲ ਉਪਲਬਧ ਹੋ ਸਕਣ।
ਇਸ ਮੌਕੇ ਵੇਰਕਾ ਦੇ ਮਸ਼ਹੂਰ ਮਾਸਕਟ ‘ਵੀਰਾ’ ਦੇ ਨਾਲ ਨਵੇਂ ਮਾਸਕਟ ‘ਗੁੱਡੀ’ ਨੂੰ ਵੀ ਲਾਂਚ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ‘ਗੁੱਡੀ’ ਰਾਹੀਂ ਬ੍ਰਾਂਡ ਵੱਲੋਂ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ ਪੰਜਾਬੀ ਪਰਿਵਾਰਕ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਜੁੜਾਵ ਨੂੰ ਵੀ ਦਰਸਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਮਿਲਕਫੈੱਡ ਪੰਜਾਬ, ਜਿਸ ਨੂੰ ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਟਿਡ ਵਜੋਂ ਜਾਣਿਆ ਜਾਂਦਾ ਹੈ, ਵੇਰਕਾ ਬ੍ਰਾਂਡ ਦਾ ਮਾਲਕ ਹੈ ਅਤੇ ਦੇਸ਼ ਦੀਆਂ ਸਭ ਤੋਂ ਵੱਡੀਆਂ ਸਹਿਕਾਰੀ ਡੇਅਰੀ ਸੰਸਥਾਵਾਂ ਵਿੱਚੋਂ ਇੱਕ ਹੈ। ਇਹ ਸੰਸਥਾ ਉੱਚ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਸਪਲਾਈ ਨਾਲ ਨਾਲ ਡੇਅਰੀ ਕਿਸਾਨਾਂ ਦੀ ਆਰਥਿਕ ਤਰੱਕੀ ਲਈ ਵੀ ਕੰਮ ਕਰ ਰਹੀ ਹੈ।
ਮਿਲਕਫੈੱਡ ਵੱਲੋਂ ਬਾਜ਼ਾਰ ਤੱਕ ਬਿਹਤਰ ਪਹੁੰਚ, ਡੇਅਰੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਡਿਜੀਟਲ ਬਦਲਾਅ, ਵੈਲਿਊ ਐਡੀਡ ਉਤਪਾਦਾਂ ਦੀ ਸ਼ੁਰੂਆਤ ਅਤੇ ਆਧੁਨਿਕ ਰਿਟੇਲ ਪ੍ਰਣਾਲੀਆਂ ਦੇ ਵਿਕਾਸ ‘ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।
ਸਹਿਕਾਰਤਾ ਸਕੱਤਰ ਅਤੇ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਅਜੀਤ ਬਾਲਾਜੀ ਜੋਸ਼ੀ ਨੇ ਕਿਹਾ ਕਿ ਭਵਿੱਖ ਵਿੱਚ ਆਈਸਕ੍ਰੀਮ ਵੈਂਡਿੰਗ ਮਸ਼ੀਨਾਂ ਸਮੇਤ ਹੋਰ ਮਸ਼ੀਨਾਂ ਪੰਜਾਬ ਸਿਵਲ ਸਕੱਤਰੇਤ-2, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਹਵਾਈ ਅੱਡਿਆਂ, ਸਰਕਾਰੀ ਦਫ਼ਤਰਾਂ, ਕਾਲਜਾਂ, ਮਾਲਾਂ ਅਤੇ ਹੋਰ ਜਨਤਕ ਥਾਵਾਂ ‘ਤੇ ਵੀ ਲਗਾਈਆਂ ਜਾਣਗੀਆਂ।
ਸਹਿਕਾਰੀ ਸਭਾਵਾਂ ਪੰਜਾਬ ਦੇ ਰਜਿਸਟਰਾਰ ਗਿਰੀਸ਼ ਦਿਆਲਨ ਨੇ ਕਿਹਾ ਕਿ ਪੰਜਾਬ ਸਰਕਾਰ ਡੇਅਰੀ ਕਿਸਾਨਾਂ ਨੂੰ ਵਧੀਆ ਭਾਅ ਅਤੇ ਖਪਤਕਾਰਾਂ ਨੂੰ ਕਿਫ਼ਾਇਤੀ ਦਰਾਂ ‘ਤੇ ਗੁਣਵੱਤਾ ਵਾਲੇ ਉਤਪਾਦ ਮੁਹੱਈਆ ਕਰਵਾ ਕੇ ਸਹਿਕਾਰੀ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਮਿਲਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਨੇ ਦੱਸਿਆ ਕਿ ਮਿਲਕਫੈੱਡ ਵਿੱਤੀ ਸਾਲ 2025-26 ਦੌਰਾਨ ਲਗਭਗ 7,250 ਕਰੋੜ ਰੁਪਏ ਦੀ ਆਮਦਨ ਹਾਸਲ ਕਰਨ ਵੱਲ ਵਧ ਰਿਹਾ ਹੈ, ਜੋ ਪਿਛਲੇ ਸਾਲ ਦੇ 6,395 ਕਰੋੜ ਰੁਪਏ ਦੇ ਕਾਰੋਬਾਰ ਨਾਲੋਂ ਕਰੀਬ 13 ਫੀਸਦੀ ਵਾਧਾ ਦਰਸਾਉਂਦਾ ਹੈ।
ਇਸ ਮੌਕੇ ਆਮ ਰਾਜ ਵਿਭਾਗ ਦੇ ਸਕੱਤਰ ਕੇ.ਕੇ. ਯਾਦਵ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਡਾ. ਅਕਸ਼ਿਤਾ ਗੁਪਤਾ ਅਤੇ ਡਿਪਟੀ ਸਕੱਤਰ ਦੀਪਾਂਕਰ ਗਰਗ ਵੀ ਹਾਜ਼ਰ ਸਨ।
