
ਚੰਡੀਗੜ੍ਹ, 10 ਮਈ 2026: ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ਵਿੱਚ ਪੰਜਾਬ ਨੇ ਪ੍ਰਾਇਮਰੀ ਅਤੇ ਮਿਡਲ ਸਕੂਲ ਸਿੱਖਿਆ ਦੇ ਖੇਤਰ ਵਿੱਚ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਨੂੰ ਪਿੱਛੇ ਛੱਡਦੇ ਹੋਏ ਦੇਸ਼ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਹੈ। ਰਿਪੋਰਟ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਸਿੱਖਿਆ ਸੁਧਾਰਾਂ ਨੂੰ ਵੱਡੀ ਸਫਲਤਾ ਵਜੋਂ ਦਰਸਾਇਆ ਗਿਆ ਹੈ।
ਰਿਪੋਰਟ ਅਨੁਸਾਰ ਪੰਜਾਬ ਨੇ ਬੁਨਿਆਦੀ ਸਿੱਖਿਆ, ਡਿਜੀਟਲ ਢਾਂਚੇ ਅਤੇ ਸਕੂਲੀ ਸਹੂਲਤਾਂ ਦੇ ਮਾਮਲੇ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। ਭਾਸ਼ਾ ਅਤੇ ਗਣਿਤ ਦੇ ਨਤੀਜਿਆਂ ਵਿੱਚ ਵੀ ਪੰਜਾਬ ਨੇ ਕੇਰਲ ਨਾਲੋਂ ਵੱਧ ਅੰਕ ਹਾਸਲ ਕੀਤੇ ਹਨ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮਾਂ, ਇੰਟਰਨੈਟ ਸਹੂਲਤਾਂ ਅਤੇ ਕੰਪਿਊਟਰਾਂ ਦੀ ਉਪਲਬਧਤਾ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਇਮਾਨਦਾਰੀ ਨਾਲ ਨਿਵੇਸ਼ ਕੀਤਾ, ਜਿਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਅਪਗ੍ਰੇਡ ਕਰਨ, ਸਮਾਰਟ ਕਲਾਸਰੂਮਾਂ ਦੀ ਸ਼ੁਰੂਆਤ ਅਤੇ ਅਧਿਆਪਕਾਂ ਨੂੰ ਆਧੁਨਿਕ ਸਿਖਲਾਈ ਦੇਣ ਨਾਲ ਸਿੱਖਿਆ ਪ੍ਰਣਾਲੀ ਮਜ਼ਬੂਤ ਹੋਈ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਤੀਜੀ ਜਮਾਤ ਦੀ ਭਾਸ਼ਾ ਵਿੱਚ ਪੰਜਾਬ ਨੇ 82 ਫੀਸਦੀ ਅੰਕ ਪ੍ਰਾਪਤ ਕੀਤੇ, ਜਦਕਿ ਕੇਰਲ 75 ਫੀਸਦੀ ‘ਤੇ ਰਿਹਾ। ਤੀਜੀ ਜਮਾਤ ਦੇ ਗਣਿਤ ਵਿੱਚ ਪੰਜਾਬ ਨੇ 78 ਫੀਸਦੀ ਅਤੇ ਕੇਰਲ ਨੇ 70 ਫੀਸਦੀ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਨੌਵੀਂ ਜਮਾਤ ਦੇ ਗਣਿਤ ਵਿੱਚ ਪੰਜਾਬ 52 ਫੀਸਦੀ ਅਤੇ ਕੇਰਲ 45 ਫੀਸਦੀ ਅੰਕਾਂ ਨਾਲ ਪਿੱਛੇ ਰਿਹਾ।
ਡਿਜੀਟਲ ਸਿੱਖਿਆ ਦੇ ਖੇਤਰ ਵਿੱਚ ਵੀ ਪੰਜਾਬ ਨੇ ਹੋਰ ਸੂਬਿਆਂ ਨੂੰ ਪਿੱਛੇ ਛੱਡਿਆ ਹੈ। ਸਮਾਰਟ ਕਲਾਸਰੂਮਾਂ ਵਿੱਚ ਪੰਜਾਬ ਨੇ 80.1 ਫੀਸਦੀ ਅੰਕ ਹਾਸਲ ਕੀਤੇ, ਜਦਕਿ ਹਰਿਆਣਾ 50.3 ਫੀਸਦੀ ‘ਤੇ ਰਿਹਾ। ਸਕੂਲਾਂ ਵਿੱਚ ਇੰਟਰਨੈਟ ਸਹੂਲਤ ਦੇ ਮਾਮਲੇ ਵਿੱਚ ਪੰਜਾਬ 88.9 ਫੀਸਦੀ ਅਤੇ ਹਰਿਆਣਾ 78.9 ਫੀਸਦੀ ‘ਤੇ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲਾਂ ਵਿੱਚ ਬਿਜਲੀ ਅਤੇ ਕੰਪਿਊਟਰ ਉਪਲਬਧਤਾ ਵਿੱਚ ਵੀ ਪੰਜਾਬ ਨੇ ਕਰੀਬ ਪੂਰੇ ਅੰਕ ਹਾਸਲ ਕੀਤੇ।
ਮੁੱਖ ਮੰਤਰੀ ਨੇ ਇਸ ਸਫਲਤਾ ਦਾ ਸਿਹਰਾ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਸਿੱਖਿਆ ਵਿਭਾਗ ਨਾਲ ਜੁੜੇ ਸਾਰੇ ਭਾਈਵਾਲਾਂ ਨੂੰ ਦਿੰਦਿਆਂ ਕਿਹਾ ਕਿ ਇਹ ਪਿਛਲੇ ਚਾਰ ਸਾਲਾਂ ਦੀ ਲਗਾਤਾਰ ਮਿਹਨਤ ਅਤੇ ਸੁਧਾਰਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਹਰ ਖੇਤਰ ਵਿੱਚ ਨੰਬਰ ਇੱਕ ਬਣਾਉਣ ਲਈ ਲਗਾਤਾਰ ਯਤਨ ਕਰਦੀ ਰਹੇਗੀ।
