Saturday, June 6Punjabi People

ਰਵਨੀਤ ਸਿੰਘ ਬਿੱਟੂ ਨੇ ਆਪਣੇ ਬਿਆਨਾਂ ‘ਤੇ ਜਤਾਇਆ ਅਫਸੋਸ, ਮੰਗੀ ਮੁਆਫ਼ੀ

ਅੰਮ੍ਰਿਤਸਰ, 31 ਮਈ 2026: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ 26 ਮਈ ਨੂੰ ਨਗਰ ਨਿਗਮ ਚੋਣਾਂ ਦੌਰਾਨ ਐਸਸੀ ਭਾਈਚਾਰੇ ਸਬੰਧੀ ਕੀਤੀਆਂ ਆਪਣੀਆਂ ਟਿੱਪਣੀਆਂ ਲਈ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਇੱਕ ਜ਼ਿੰਮੇਵਾਰ ਜਨ ਪ੍ਰਤੀਨਿਧੀ ਅਤੇ ਕੇਂਦਰੀ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਆਪਣੇ ਸ਼ਬਦਾਂ ਦੀ ਗੰਭੀਰਤਾ ਦਾ ਪੂਰਾ ਅਹਿਸਾਸ ਹੈ ਅਤੇ ਜੇਕਰ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਖੇਦ ਪ੍ਰਗਟ ਕਰਦੇ ਹਨ।

ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ, “ਮੈਂ ਸਾਰਿਆਂ ਤੋਂ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਮੁਆਫ਼ੀ ਮੰਗਦਾ ਹਾਂ। ਉਸ ਸਮੇਂ ਹਾਲਾਤ ਜੋ ਵੀ ਸਨ, ਉਹ ਵੱਖਰਾ ਵਿਸ਼ਾ ਹੈ, ਪਰ ਇੱਕ ਮੰਤਰੀ ਹੋਣ ਦੇ ਨਾਤੇ ਮੇਰੇ ਮੂੰਹੋਂ ਜੋ ਸ਼ਬਦ ਨਿਕਲੇ, ਉਹ ਨਹੀਂ ਨਿਕਲਣੇ ਚਾਹੀਦੇ ਸਨ। ਮੈਂ ਉਨ੍ਹਾਂ ਲਈ ਦਿਲੋਂ ਮੁਆਫ਼ੀ ਮੰਗਦਾ ਹਾਂ।”ਉਨ੍ਹਾਂ ਕਿਹਾ ਕਿ ਉਹ ਦੇਸ਼ ਦੀਆਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ ਜੇਕਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਉਨ੍ਹਾਂ ਨੂੰ ਤਲਬ ਕਰਦਾ ਹੈ ਤਾਂ ਉਹ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਤਿਆਰ ਹਨ।

ਬਿੱਟੂ ਨੇ ਕਿਹਾ, “ਜੇਕਰ ਮੈਨੂੰ ਕਮਿਸ਼ਨ ਅੱਗੇ ਜਾ ਕੇ ਹੱਥ ਜੋੜ ਕੇ ਮੁਆਫ਼ੀ ਮੰਗਣੀ ਪਈ ਤਾਂ ਮੈਂ ਉਹ ਵੀ ਕਰਾਂਗਾ। ਕਮਿਸ਼ਨ ਵੱਲੋਂ ਮੰਗੇ ਜਾਣ ਵਾਲੇ ਹਰ ਸਪੱਸ਼ਟੀਕਰਨ ਦਾ ਜਵਾਬ ਦਿਆਂਗਾ ਅਤੇ ਲੋੜ ਪੈਣ ‘ਤੇ ਲਿਖਤੀ ਰੂਪ ਵਿੱਚ ਵੀ ਮੁਆਫ਼ੀ ਪੇਸ਼ ਕਰਾਂਗਾ।”ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਹਾਜ਼ਰ ਹੋਏ ਹਨ, ਜਿੱਥੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਵਰਗੇ ਮਹੱਤਵਪੂਰਨ ਧਾਰਮਿਕ ਸਥਾਨ ਸਥਿਤ ਹਨ। ਉਨ੍ਹਾਂ ਦੱਸਿਆ ਕਿ ਐਸਸੀ ਕਮਿਸ਼ਨ ਨੇ 26 ਮਈ ਨੂੰ ਧੂਰੀ ਵਿੱਚ ਵਾਪਰੀ ਇੱਕ ਘਟਨਾ ਸਬੰਧੀ ਸੰਗਰੂਰ ਦੇ ਐਸਐਸਪੀ ਤੋਂ ਰਿਪੋਰਟ ਤਲਬ ਕੀਤੀ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਬਿੱਟੂ ਦੀਆਂ ਟਿੱਪਣੀਆਂ ਤੋਂ ਬਾਅਦ ਵੱਖ-ਵੱਖ ਦਲਿਤ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਦਰਜ ਕਰਵਾਇਆ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਐਸਸੀ ਕਮਿਸ਼ਨ ਦੇ ਦਫ਼ਤਰ ਸਾਹਮਣੇ ਅਤੇ ਹੋਰ ਕਈ ਥਾਵਾਂ ‘ਤੇ ਪ੍ਰਦਰਸ਼ਨ ਵੀ ਕੀਤੇ ਗਏ। ਹੁਣ ਬਿੱਟੂ ਵੱਲੋਂ ਜਨਤਕ ਤੌਰ ‘ਤੇ ਮੁਆਫ਼ੀ ਮੰਗਣ ਨੂੰ ਵਿਵਾਦ ਨੂੰ ਠੰਢਾ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

Leave a Reply

Your email address will not be published. Required fields are marked *