
ਚੰਡੀਗੜ੍ਹ, 30 ਅਕਤੂਬਰ 2026: ਸ਼ਹਿਰ ਵਾਸੀਆਂ ਦੀਆਂ ਨਾਗਰਿਕ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਅਤੇ ਜਨਤਕ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਚੰਡੀਗੜ੍ਹ ਨਗਰ ਨਿਗਮ ਵੱਲੋਂ ਵਿਸ਼ੇਸ਼ ਵਟਸਐਪ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਹੁਣ ਲੋਕ ਆਪਣੇ ਇਲਾਕੇ ਵਿੱਚ ਸਟ੍ਰੀਟ ਲਾਈਟਾਂ ਅਤੇ ਹੋਰ ਨਾਗਰਿਕ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ਦੀ ਸ਼ਿਕਾਇਤ ਵਟਸਐਪ ਰਾਹੀਂ 9915762917 ਨੰਬਰ ’ਤੇ ਭੇਜ ਸਕਣਗੇ।
ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਲਾਕਿਆਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੀਆਂ ਤਸਵੀਰਾਂ ਅਤੇ ਸਹੀ ਪਤੇ ਸਮੇਤ ਜਾਣਕਾਰੀ ਇਸ ਹੈਲਪਲਾਈਨ ’ਤੇ ਸਾਂਝੀ ਕਰਨ, ਤਾਂ ਜੋ ਸਬੰਧਤ ਵਿਭਾਗਾਂ ਵੱਲੋਂ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਨਿਗਮ ਵੱਲੋਂ ਖ਼ਾਸ ਤੌਰ ’ਤੇ ਬੰਦ, ਖ਼ਰਾਬ ਜਾਂ ਨੁਕਸਦਾਰ ਸਟ੍ਰੀਟ ਲਾਈਟਾਂ ਦੀਆਂ ਸਪੱਸ਼ਟ ਤਸਵੀਰਾਂ ਭੇਜਣ ਦੀ ਅਪੀਲ ਕੀਤੀ ਗਈ ਹੈ। ਸ਼ਿਕਾਇਤ ਦੇ ਨਾਲ ਸੈਕਟਰ, ਸੜਕ ਦਾ ਨਾਂ, ਸਹੀ ਲੋਕੇਸ਼ਨ ਜਾਂ ਨੇੜਲੇ ਕਿਸੇ ਪ੍ਰਮੁੱਖ ਸਥਾਨ ਦੀ ਜਾਣਕਾਰੀ ਦੇਣੀ ਵੀ ਜ਼ਰੂਰੀ ਹੋਵੇਗੀ। ਇਸ ਨਾਲ ਫੀਲਡ ਟੀਮਾਂ ਨੂੰ ਸਮੱਸਿਆ ਵਾਲੀ ਥਾਂ ਦੀ ਪਛਾਣ ਕਰਨ ਅਤੇ ਜਲਦੀ ਮੁਰੰਮਤ ਕਰਨ ਵਿੱਚ ਸਹਾਇਤਾ ਮਿਲੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਸ਼ਹਿਰ ਦੇ ਜਨਤਕ ਬੁਨਿਆਦੀ ਢਾਂਚੇ ਦੀ ਬਿਹਤਰ ਦੇਖਭਾਲ ਅਤੇ ਨਾਗਰਿਕ ਸੇਵਾਵਾਂ ਵਿੱਚ ਸੁਧਾਰ ਲਈ ਲੋਕਾਂ ਦੀ ਸਰਗਰਮ ਭਾਗੀਦਾਰੀ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਨਿਗਮ ਦੇ ਧਿਆਨ ਵਿੱਚ ਲਿਆਉਣ ਲਈ ਇਸ ਸਹੂਲਤ ਦੀ ਵੱਧ ਤੋਂ ਵੱਧ ਵਰਤੋਂ ਕਰਨ।
ਉਨ੍ਹਾਂ ਦੱਸਿਆ ਕਿ ਇਹ ਵਟਸਐਪ ਹੈਲਪਲਾਈਨ ਸਿਰਫ਼ ਸਟ੍ਰੀਟ ਲਾਈਟਾਂ ਦੀਆਂ ਸ਼ਿਕਾਇਤਾਂ ਤੱਕ ਸੀਮਤ ਨਹੀਂ ਹੈ, ਸਗੋਂ ਨਾਗਰਿਕ ਹੋਰ ਜਨਤਕ ਸੇਵਾਵਾਂ ਨਾਲ ਸਬੰਧਤ ਸਮੱਸਿਆਵਾਂ ਵੀ ਇਸ ਰਾਹੀਂ ਦਰਜ ਕਰਵਾ ਸਕਦੇ ਹਨ। ਪ੍ਰਾਪਤ ਸ਼ਿਕਾਇਤਾਂ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਵੇਗੀ।
