
ਨਵੀਂ ਦਿੱਲੀ, 30 ਅਕਤੂਬਰ 2026: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ 2026’ ਤਹਿਤ ਅੱਜ ਦਿੱਲੀ ਦੇ ਜਵਾਹਰਲਾਲ ਨਹਿਰੂ (JLN) ਸਟੇਡੀਅਮ ਵਿੱਚ ਹੋਣ ਵਾਲੇ ਕੰਸਰਟ ਨੂੰ ਲੈ ਕੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਕੰਸਰਟ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਮੈਟਰੋ ਸੇਵਾਵਾਂ ਦਾ ਸਮਾਂ ਵਧਾ ਦਿੱਤਾ ਗਿਆ ਹੈ। ਹੁਣ ਸ਼ੁੱਕਰਵਾਰ ਰਾਤ ਨੂੰ ਮੈਟਰੋ ਟ੍ਰੇਨਾਂ ਅੱਧੀ ਰਾਤ 12 ਵਜੇ ਤੱਕ ਚੱਲਣਗੀਆਂ।
ਦਿੱਲੀ ਮੈਟਰੋ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਏਅਰਪੋਰਟ ਐਕਸਪ੍ਰੈੱਸ ਲਾਈਨ ਅਤੇ ਗੁਰੂਗ੍ਰਾਮ ਦੀ ਰੈਪਿਡ ਮੈਟਰੋ ਨੂੰ ਛੱਡ ਕੇ ਬਾਕੀ ਸਾਰੀਆਂ ਮੈਟਰੋ ਲਾਈਨਾਂ ’ਤੇ ਇਹ ਸਹੂਲਤ ਮਿਲੇਗੀ। ਇਸ ਕੰਸਰਟ ਵਿੱਚ ਲਗਭਗ 70 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਕੰਸਰਟ ਤੋਂ ਬਾਅਦ ਚਲਾਈਆਂ ਜਾਣਗੀਆਂ ਵਾਧੂ ਮੈਟਰੋ ਟ੍ਰੇਨਾਂ
ਕੰਸਰਟ ਦੀ ਸਮਾਪਤੀ ਤੋਂ ਬਾਅਦ ਦਰਸ਼ਕਾਂ ਨੂੰ ਘਰ ਪਰਤਣ ਵਿੱਚ ਕੋਈ ਮੁਸ਼ਕਲ ਨਾ ਆਵੇ, ਇਸ ਲਈ DMRC ਵੱਲੋਂ ਵਾਧੂ ਮੈਟਰੋ ਟ੍ਰੇਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਯਾਤਰੀਆਂ ਦੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਲੋੜ ਪੈਣ ’ਤੇ ਹੋਰ ਟ੍ਰੇਨਾਂ ਵੀ ਚਲਾਈਆਂ ਜਾਣਗੀਆਂ।
ਇਸ ਦੇ ਨਾਲ ਹੀ ਜੇਐੱਲਐੱਨ ਸਟੇਡੀਅਮ ਮੈਟਰੋ ਸਟੇਸ਼ਨ ਅਤੇ ਹੋਰ ਪ੍ਰਮੁੱਖ ਇੰਟਰਚੇਂਜ ਸਟੇਸ਼ਨਾਂ ’ਤੇ ਵਾਧੂ ਸਟਾਫ਼ ਅਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ, ਤਾਂ ਜੋ ਯਾਤਰੀਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧ ਵੀ ਯਕੀਨੀ ਬਣਾਏ ਜਾ ਸਕਣ।
QR ਟਿਕਟ ਬੁਕਿੰਗ ਲਈ ਵੀ ਮਿਲੇਗਾ ਵਾਧੂ ਸਮਾਂ
ਦਰਸ਼ਕਾਂ ਦੀ ਸਹੂਲਤ ਲਈ ਦਿੱਲੀ ਮੈਟਰੋ ਸਾਰਥੀ ਐਪ ਰਾਹੀਂ QR ਕੋਡ ਆਧਾਰਿਤ ਟਿਕਟਾਂ ਖਰੀਦਣ ਦੀ ਸਮਾਂ-ਸੀਮਾ ਵੀ ਇੱਕ ਘੰਟਾ ਵਧਾਈ ਜਾਵੇਗੀ। ਇਸ ਨਾਲ ਕੰਸਰਟ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਮੈਟਰੋ ਰਾਹੀਂ ਸਫ਼ਰ ਕਰਨ ਵਿੱਚ ਆਸਾਨੀ ਹੋਵੇਗੀ।
ਜ਼ਿਕਰਯੋਗ ਹੈ ਕਿ ਜਵਾਹਰਲਾਲ ਨਹਿਰੂ ਸਟੇਡੀਅਮ ਮੈਟਰੋ ਸਟੇਸ਼ਨ ਵਾਇਲਟ ਲਾਈਨ ’ਤੇ ਸਥਿਤ ਹੈ ਅਤੇ ਸਟੇਡੀਅਮ ਤੱਕ ਪਹੁੰਚਣ ਲਈ ਸਭ ਤੋਂ ਨੇੜਲੇ ਸਟੇਸ਼ਨਾਂ ਵਿੱਚੋਂ ਇੱਕ ਹੈ। ਅਜਿਹੇ ਵਿੱਚ ਮੈਟਰੋ ਦੇ ਵਧਾਏ ਗਏ ਸਮੇਂ ਅਤੇ ਵਾਧੂ ਟ੍ਰੇਨਾਂ ਨਾਲ ਹਜ਼ਾਰਾਂ ਪ੍ਰਸ਼ੰਸਕਾਂ ਨੂੰ ਵੱਡੀ ਸਹੂਲਤ ਮਿਲਣ ਦੀ ਉਮੀਦ ਹੈ।
