
ਸਿਲੀਗੁੜੀ, 30 ਅਕਤੂਬਰ 2026: ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ (ISI) ਨਾਲ ਭਾਰਤੀ ਫ਼ੌਜ ਦੀਆਂ ਗੁਪਤ ਜਾਣਕਾਰੀਆਂ ਸਾਂਝੀਆਂ ਕਰਨ ਦੇ ਦੋਸ਼ ਹੇਠ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ਅਧੀਨ ਆਉਂਦੇ ਹਾਸੀਮਾਰਾ ਤੋਂ ਭਾਰਤੀ ਫ਼ੌਜ ਦੇ ਇੱਕ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜਬੀਰ ਸਿੰਘ ਵਜੋਂ ਹੋਈ ਹੈ, ਜੋ ਅਸਾਮ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਹਾਸੀਮਾਰਾ ਸਥਿਤ 15 ਜਾਟ ਰੈਜੀਮੈਂਟ ਵਿੱਚ ਤਾਇਨਾਤ ਸੀ।
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਟੀਮ ਨੇ ਵੀਰਵਾਰ ਨੂੰ ਰਾਜਬੀਰ ਸਿੰਘ ਨੂੰ ਹਾਸੀਮਾਰਾ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਉਸ ਨੂੰ ਬਾਗਡੋਗਰਾ ਹਵਾਈ ਅੱਡੇ ਲੈ ਕੇ ਪਹੁੰਚੀ, ਪਰ ਕੁਝ ਤਕਨੀਕੀ ਕਾਰਨਾਂ ਕਰਕੇ ਉਸ ਨੂੰ ਤੁਰੰਤ ਪੰਜਾਬ ਨਹੀਂ ਲਿਜਾਇਆ ਜਾ ਸਕਿਆ। ਇਸ ਮਗਰੋਂ ਸ਼ੁੱਕਰਵਾਰ ਨੂੰ ਮੁਲਜ਼ਮ ਨੂੰ ਸਿਲੀਗੁੜੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਸਿਲੀਗੁੜੀ ਏਸੀਜੇਐੱਮ ਅਦਾਲਤ ਦੇ ਸਰਕਾਰੀ ਵਕੀਲ ਸੌਮਿਤ੍ਰ ਸਿੰਘ ਸਰਕਾਰ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਆਈਐੱਸਆਈ ਨਾਲ ਕਥਿਤ ਸਬੰਧਾਂ ਦੇ ਮਾਮਲੇ ਵਿੱਚ ਰਾਜਬੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ। ਅਦਾਲਤ ਨੇ ਪੁਲਿਸ ਦੀ ਅਰਜ਼ੀ ’ਤੇ ਉਸ ਨੂੰ ਟਰਾਂਜ਼ਿਟ ਰਿਮਾਂਡ ਦੇ ਕੇ ਪੰਜਾਬ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਪਹਿਲਾਂ ਗ੍ਰਿਫ਼ਤਾਰ ਔਰਤ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ ਫ਼ੌਜੀਆਂ ਦਾ ਨਾਂ
ਮੁੱਢਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੂੰ ਭਾਰਤੀ ਫ਼ੌਜ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀਆਂ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਤੱਕ ਪਹੁੰਚਾਏ ਜਾਣ ਸਬੰਧੀ ਸੂਚਨਾ ਮਿਲੀ ਸੀ। ਇਸ ਮਾਮਲੇ ਵਿੱਚ ਪੰਜਾਬ ਦੀ ਫਾਜ਼ਿਲਕਾ ਪੁਲਿਸ ਨੇ 8 ਅਕਤੂਬਰ ਨੂੰ ਗੁਰਨੌਰ ਸਿੱਧੂ ਨਾਮਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਉਸ ਦੇ ਆਈਐੱਸਆਈ ਦੇ ਸੰਪਰਕ ਵਿੱਚ ਹੋਣ ਦੇ ਸ਼ੱਕ ਦੀ ਗੱਲ ਸਾਹਮਣੇ ਆਈ ਸੀ।
ਦੋਸ਼ ਹੈ ਕਿ ਔਰਤ ਭਾਰਤੀ ਫ਼ੌਜ ਨਾਲ ਸਬੰਧਤ ਅਹਿਮ ਅਤੇ ਗੁਪਤ ਜਾਣਕਾਰੀਆਂ ਪਾਕਿਸਤਾਨੀ ਏਜੰਸੀ ਨਾਲ ਸਾਂਝੀਆਂ ਕਰ ਰਹੀ ਸੀ। ਜਾਂਚ ਅੱਗੇ ਵਧਣ ’ਤੇ ਫ਼ੌਜ ਵਿੱਚ ਤਾਇਨਾਤ ਦਿਲਪ੍ਰੀਤ ਸਿੰਘ ਅਤੇ ਰਾਜਬੀਰ ਸਿੰਘ ਦੇ ਨਾਂ ਵੀ ਸਾਹਮਣੇ ਆਏ। ਦੋਸ਼ ਹੈ ਕਿ ਦੋਵੇਂ ਜਵਾਨ ਕਥਿਤ ਤੌਰ ’ਤੇ ਫ਼ੌਜ ਨਾਲ ਸਬੰਧਤ ਜਾਣਕਾਰੀਆਂ ਸਾਂਝੀਆਂ ਕਰਨ ਵਿੱਚ ਔਰਤ ਦੀ ਮਦਦ ਕਰ ਰਹੇ ਸਨ।
ਪੁਲਿਸ ਨੇ ਔਰਤ ਦੇ ਕਬਜ਼ੇ ਵਿੱਚੋਂ ਇੱਕ ਟੈਬਲੇਟ ਅਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਸਨ। ਇਨ੍ਹਾਂ ਇਲੈਕਟ੍ਰਾਨਿਕ ਉਪਕਰਨਾਂ ਅਤੇ ਪੁੱਛਗਿੱਛ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ’ਤੇ ਜਾਂਚ ਟੀਮ ਰਾਜਬੀਰ ਸਿੰਘ ਤੱਕ ਪਹੁੰਚੀ ਅਤੇ ਉਸ ਨੂੰ ਹਾਸੀਮਾਰਾ ਤੋਂ ਗ੍ਰਿਫ਼ਤਾਰ ਕਰ ਲਿਆ।
ਟਰਾਂਜ਼ਿਟ ਰਿਮਾਂਡ ਮਿਲਣ ਮਗਰੋਂ ਪੰਜਾਬ ਲੈ ਕੇ ਰਵਾਨਾ ਹੋਈ ਪੁਲਿਸ
ਪੰਜਾਬ ਪੁਲਿਸ ਅਨੁਸਾਰ ਬਾਗਡੋਗਰਾ ਹਵਾਈ ਅੱਡੇ ’ਤੇ ਆਈਆਂ ਤਕਨੀਕੀ ਮੁਸ਼ਕਲਾਂ ਕਾਰਨ ਮੁਲਜ਼ਮ ਨੂੰ ਮੁੜ ਸਿਲੀਗੁੜੀ ਲਿਆ ਕੇ ਅਦਾਲਤ ਵਿੱਚ ਪੇਸ਼ ਕਰਨਾ ਪਿਆ। ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਮਿਲਣ ਤੋਂ ਬਾਅਦ ਪੁਲਿਸ ਟੀਮ ਉਸ ਨੂੰ ਹਵਾਈ ਰਸਤੇ ਰਾਹੀਂ ਪੰਜਾਬ ਲੈ ਕੇ ਰਵਾਨਾ ਹੋ ਗਈ। ਹੁਣ ਪੰਜਾਬ ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਇਸ ਮਾਮਲੇ ਨਾਲ ਜੁੜੇ ਹੋਰ ਸੰਭਾਵਿਤ ਸੰਪਰਕਾਂ ਅਤੇ ਗਤੀਵਿਧੀਆਂ ਦੀ ਜਾਂਚ ਕੀਤੀ ਜਾਵੇਗੀ।
