Wednesday, June 10Punjabi People

ਮੋਹਾਲੀ ਨੂੰ ਮਿਲਿਆ ਨਵਾਂ ਮੇਅਰ, ਸਰਬਜੀਤ ਸਿੰਘ ਸਮਾਨਾ ਨੇ ਸੰਭਾਲੀ ਕਮਾਨ

ਮੋਹਾਲੀ, 7 ਜੂਨ 2026: ਮੋਹਾਲੀ ਨਗਰ ਨਿਗਮ ਨੂੰ ਮੰਗਲਵਾਰ ਨੂੰ ਆਪਣਾ ਨਵਾਂ ਮੇਅਰ ਮਿਲ ਗਿਆ। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਨਾ ਨੂੰ ਸਰਵਸੰਮਤੀ ਨਾਲ ਮੇਅਰ ਚੁਣਿਆ ਗਿਆ। ਇਸ ਦੇ ਨਾਲ ਹੀ ਆਰ.ਪੀ. ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਹਰਪਾਲ ਚੰਨੀ ਨੂੰ ਡਿਪਟੀ ਮੇਅਰ ਦੀ ਜ਼ਿੰਮੇਵਾਰੀ ਸੌਂਪੀ ਗਈ।

ਚੋਣ ਤੋਂ ਬਾਅਦ ਪੰਜਾਬ ‘ਆਪ’ ਦੇ ਪ੍ਰਧਾਨ ਅਮਨ ਅਰੋੜਾ, ਵਿਧਾਇਕ ਕੁਲਵੰਤ ਸਿੰਘ ਅਤੇ ਡਾ. ਸੰਨੀ ਆਹਲੂਵਾਲੀਆ ਨੇ ਸਰਬਜੀਤ ਸਿੰਘ ਸਮਾਨਾ ਨੂੰ ਮੂੰਹ ਮਿੱਠਾ ਕਰਵਾ ਕੇ ਰਸਮੀ ਤੌਰ ‘ਤੇ ਮੇਅਰ ਦੀ ਕੁਰਸੀ ਸੰਭਾਲਵਾਈ।

ਹਾਲਾਂਕਿ, ਸਰਬਜੀਤ ਸਮਾਨਾ ਦੇ ਮੇਅਰ ਬਣਨ ਨਾਲ ਪਾਰਟੀ ਦੇ ਸੀਨੀਅਰ ਆਗੂ ਡਾ. ਸੰਨੀ ਆਹਲੂਵਾਲੀਆ ਨੂੰ ਸਿਆਸੀ ਪੱਖੋਂ ਝਟਕਾ ਮੰਨਿਆ ਜਾ ਰਿਹਾ ਹੈ। ਨਗਰ ਨਿਗਮ ਚੋਣਾਂ ਤੋਂ ਲੈ ਕੇ ਮੇਅਰ ਦੀ ਚੋਣ ਤੱਕ ਉਨ੍ਹਾਂ ਨੂੰ ਇਸ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਸੀ। ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਉਨ੍ਹਾਂ ਦੀ ਮਜ਼ਬੂਤ ਪਕੜ ਅਤੇ ਕੇਂਦਰੀ ਲੀਡਰਸ਼ਿਪ ਨਾਲ ਨੇੜਤਾ ਵੀ ਚਰਚਾ ਦਾ ਵਿਸ਼ਾ ਰਹੀ ਹੈ।

ਮੇਅਰ ਦੀ ਚੋਣ ਤੋਂ ਪਹਿਲਾਂ ਮੋਹਾਲੀ ਦੀ ਸਿਆਸਤ ਵਿੱਚ ਕਾਫ਼ੀ ਹਲਚਲ ਦੇਖਣ ਨੂੰ ਮਿਲੀ। ਜਾਣਕਾਰੀ ਮੁਤਾਬਕ ਵਿਧਾਇਕ ਕੁਲਵੰਤ ਸਿੰਘ ਬਹੁਗਿਣਤੀ ਕੌਂਸਲਰਾਂ ਨੂੰ ਆਪਣੇ ਨਾਲ ਲੈ ਕੇ ਹਿਮਾਚਲ ਪ੍ਰਦੇਸ਼ ਦੇ ਪਰਵਾਣੂ ਗਏ ਸਨ। ਨਗਰ ਨਿਗਮ ਚੋਣਾਂ ਜਿੱਤ ਕੇ ਆਏ ਕਈ ਕੌਂਸਲਰਾਂ ਨੂੰ ਉਨ੍ਹਾਂ ਦੇ ਕਰੀਬੀ ਅਤੇ ਭਰੋਸੇਮੰਦ ਸਾਥੀ ਮੰਨਿਆ ਜਾਂਦਾ ਹੈ।

ਇਸ ਕਾਰਨ ਮੇਅਰ ਦੀ ਦੌੜ ਵਿੱਚ ਵਿਧਾਇਕ ਧੜੇ ਦੀ ਸਥਿਤੀ ਮਜ਼ਬੂਤ ਰਹੀ ਅਤੇ ਆਖ਼ਰਕਾਰ ਸਰਬਜੀਤ ਸਿੰਘ ਸਮਾਨਾ ਦੇ ਨਾਮ ‘ਤੇ ਸਹਿਮਤੀ ਬਣ ਗਈ। ਪਾਰਟੀ ਅੰਦਰ ਏਕਤਾ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਗੁੱਟਬੰਦੀ ਦੀ ਛਾਪ ਤੋਂ ਬਚਣ ਲਈ ਪੰਜਾਬ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਖੁਦ ਨਗਰ ਨਿਗਮ ਦਫ਼ਤਰ ਵਿੱਚ ਮੌਜੂਦ ਰਹੇ।

ਉੱਧਰ, ਮੇਅਰ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਕਾਂਗਰਸ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਕਾਂਗਰਸੀ ਕੌਂਸਲਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਨੇ ਵੀ ਸਦਨ ਤੋਂ ਵਾਕਆਊਟ ਕਰ ਦਿੱਤਾ।

ਚੋਣ ਦੌਰਾਨ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਨਗਰ ਨਿਗਮ ਭਵਨ ਦੇ ਮੁੱਖ ਦਰਵਾਜ਼ੇ ‘ਤੇ ਕੌਂਸਲਰਾਂ ਦੇ ਮੋਬਾਈਲ ਫ਼ੋਨ ਜਮ੍ਹਾਂ ਕਰਵਾਏ ਗਏ ਅਤੇ ਰਜਿਸਟਰ ਵਿੱਚ ਹਾਜ਼ਰੀ ਦਰਜ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਸਦਨ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ।

ਇਸ ਚੋਣ ਨਾਲ ਮੋਹਾਲੀ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋ ਗਈ ਹੈ ਅਤੇ ਨਿਗਮ ਦੀ ਕਮਾਨ ਹੁਣ ਪੂਰੀ ਤਰ੍ਹਾਂ ‘ਆਪ’ ਦੇ ਹੱਥਾਂ ਵਿੱਚ ਆ ਗਈ ਹੈ।

Leave a Reply

Your email address will not be published. Required fields are marked *