
ਚੰਡੀਗੜ੍ਹ, 9 ਜੂਨ 2026: ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਨਾਲ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਅਹਿਮ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। Chandigarh Education Department ਨੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ NCERT ਪਾਠ-ਪੁਸਤਕਾਂ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਵਿਸਤ੍ਰਿਤ ਸਮਾਂ-ਸਾਰਣੀ (ਸ਼ਡਿਊਲ) ਜਾਰੀ ਕਰ ਦਿੱਤੀ ਹੈ।
ਵਿਭਾਗ ਵੱਲੋਂ ਜਾਰੀ ਕੀਤੀ ਯੋਜਨਾ ਅਨੁਸਾਰ 9 ਜੂਨ ਤੋਂ 17 ਜੂਨ 2026 ਤੱਕ ਵੱਖ-ਵੱਖ ਸਕੂਲ ਕਲੱਸਟਰਾਂ ਨੂੰ ਪਾਠ-ਪੁਸਤਕਾਂ ਦੀ ਸਪਲਾਈ ਕੀਤੀ ਜਾਵੇਗੀ। ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀਆਂ ਨੂੰ ਸੈਸ਼ਨ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਲੋੜੀਂਦੀਆਂ ਕਿਤਾਬਾਂ ਉਪਲਬਧ ਹੋਣ ਅਤੇ ਉਨ੍ਹਾਂ ਦੀ ਪੜ੍ਹਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ।
ਜ਼ਿਲ੍ਹਾ ਸਿੱਖਿਆ ਅਧਿਕਾਰੀ (ਯੂਟੀ) ਵੱਲੋਂ ਜਾਰੀ ਹਦਾਇਤਾਂ ਵਿੱਚ ਸਾਰੇ ਕਲੱਸਟਰ ਇੰਚਾਰਜ ਪ੍ਰਿੰਸੀਪਲਾਂ ਨੂੰ ਆਪਣੇ-ਆਪਣੇ ਸਕੂਲਾਂ ਦੇ ਦਾਖਲਾ ਅੰਕੜਿਆਂ ਅਤੇ ਲੋੜ ਮੁਤਾਬਕ ਨਿਰਧਾਰਤ ਮਿਤੀਆਂ ‘ਤੇ ਕਿਤਾਬਾਂ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ। ਖ਼ਾਸ ਤੌਰ ‘ਤੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ਾ-ਵਾਰ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਤਾਬਾਂ ਦੀ ਵੰਡ ਕੀਤੀ ਜਾਵੇਗੀ, ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਪਾਠ ਸਮੱਗਰੀ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ।
ਸੈਕਟਰ-18 ਤੋਂ ਹੋਵੇਗੀ ਕਿਤਾਬਾਂ ਦੀ ਵੰਡ
ਵਿਭਾਗ ਅਨੁਸਾਰ ਸਾਰੀਆਂ NCERT ਕਿਤਾਬਾਂ ਦੀ ਵੰਡ Government Girls Model Senior Secondary School Sector 18 ਤੋਂ ਕੀਤੀ ਜਾਵੇਗੀ। ਕਲੱਸਟਰ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇੱਕ ਅਧਿਆਪਕ ਅਤੇ ਦੋ ਗਰੁੱਪ-ਡੀ ਕਰਮਚਾਰੀਆਂ ਦੇ ਨਾਲ ਕਿਤਾਬਾਂ ਪ੍ਰਾਪਤ ਕਰਨ ਲਈ ਪਹੁੰਚਣ, ਤਾਂ ਜੋ ਵੰਡ ਪ੍ਰਕਿਰਿਆ ਸੁਚਾਰੂ ਢੰਗ ਨਾਲ ਪੂਰੀ ਕੀਤੀ ਜਾ ਸਕੇ।
ਕਿਤਾਬਾਂ ਪ੍ਰਾਪਤ ਕਰਨ ਤੋਂ ਬਾਅਦ ਕਲੱਸਟਰ ਇੰਚਾਰਜ ਆਪਣੇ ਅਧਿਕਾਰ ਖੇਤਰ ਅਧੀਨ ਆਉਣ ਵਾਲੇ ਸਕੂਲਾਂ ਵਿੱਚ ਉਨ੍ਹਾਂ ਦੀ ਵੰਡ ਯਕੀਨੀ ਬਣਾਉਣਗੇ। ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੂਰੀ ਪ੍ਰਕਿਰਿਆ ਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਲਈ ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਦਾ ਸਹਿਯੋਗ ਲਿਆ ਜਾਵੇਗਾ।
ਵਿਦਿਆਰਥੀਆਂ ਨੂੰ ਹੋਵੇਗਾ ਵੱਡਾ ਲਾਭ
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਾਠ-ਪੁਸਤਕਾਂ ਦੀ ਸਮੇਂ ਸਿਰ ਉਪਲਬਧਤਾ ਨਾਲ ਵਿਦਿਆਰਥੀ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਆਪਣੀ ਪੜ੍ਹਾਈ ਨਿਯਮਿਤ ਢੰਗ ਨਾਲ ਸ਼ੁਰੂ ਕਰ ਸਕਣਗੇ। ਇਸ ਨਾਲ ਨਾ ਸਿਰਫ਼ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਗਤੀ ਮਿਲੇਗੀ, ਸਗੋਂ ਅਧਿਆਪਕਾਂ ਨੂੰ ਵੀ ਪਾਠਕ੍ਰਮ ਸਮੇਂ ਸਿਰ ਪੂਰਾ ਕਰਨ ਵਿੱਚ ਮਦਦ ਮਿਲੇਗੀ।
ਸਿੱਖਿਆ ਵਿਭਾਗ ਨੇ ਸਾਰੇ ਸਕੂਲ ਮੁਖੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕਿਤਾਬਾਂ ਦੀ ਵੰਡ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਹੋਵੇ, ਤਾਂ ਜੋ ਹਰ ਵਿਦਿਆਰਥੀ ਤੱਕ ਲੋੜੀਂਦੀ ਪਾਠ ਸਮੱਗਰੀ ਸਮੇਂ ਸਿਰ ਪਹੁੰਚ ਸਕੇ। ਇਹ ਕਦਮ ਵਿਦਿਆਰਥੀਆਂ ਦੀ ਬਿਹਤਰ ਅਕਾਦਮਿਕ ਤਿਆਰੀ ਅਤੇ ਗੁਣਵੱਤਾਪੂਰਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਪਹਲ ਮੰਨੀ ਜਾ ਰਹੀ ਹੈ।
