Wednesday, July 29Punjabi People

ਜਿੱਥੇ ਭਾਜਪਾ ਦੀ ਸਰਕਾਰ, ਉੱਥੇ ਗੁੰਡਾਗਰਦੀ ਤੇ ਅਪਰਾਧ ਆਮ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 14 ਮਈ 2026: ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਸ਼ਾਸਿਤ ਰਾਜਾਂ ਵਿੱਚ ਲੰਮੇ ਸਮੇਂ ਤੋਂ ਅਪਰਾਧ, ਗੈਂਗਸਟਰਵਾਦ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਹ ਡਾਟਾ ਭਾਜਪਾ ਸ਼ਾਸਨ ਦੇ ਉਸ ਚਿਹਰੇ ਨੂੰ ਬੇਨਕਾਬ ਕਰਦਾ ਹੈ, ਜਿੱਥੇ ਸਿਆਸੀ ਫਾਇਦੇ ਲਈ ਡਰ, ਨਫ਼ਰਤ ਅਤੇ ਹਿੰਸਾ ਦਾ ਮਾਹੌਲ ਬਣਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਦਿੱਲੀ, ਜਿੱਥੇ ਭਾਜਪਾ ਨੇ ਹਾਲ ਹੀ ਵਿੱਚ ਸੱਤਾ ਸੰਭਾਲੀ ਹੈ, 1602 ਪ੍ਰਤੀ ਲੱਖ ਆਬਾਦੀ ਦੀ ਅਪਰਾਧ ਦਰ ਨਾਲ ਦੇਸ਼ ਵਿੱਚ ਸਭ ਤੋਂ ਉੱਪਰ ਹੈ। ਇਸੇ ਤਰ੍ਹਾਂ ਗੁਜਰਾਤ ਦੀ ਅਪਰਾਧ ਦਰ 806, ਹਰਿਆਣਾ 739.2, ਮਣੀਪੁਰ 627.8, ਮੱਧ ਪ੍ਰਦੇਸ਼ 570.3, ਮਹਾਰਾਸ਼ਟਰ 470.4, ਓਡੀਸ਼ਾ 431.2, ਰਾਜਸਥਾਨ 390.4 ਅਤੇ ਚੰਡੀਗੜ੍ਹ 338.9 ਦਰਜ ਕੀਤੀ ਗਈ ਹੈ।

ਇਸਦੇ ਉਲਟ, ਚੀਮਾ ਨੇ ਕਿਹਾ ਕਿ ਪੰਜਾਬ ਦੀ ਅਪਰਾਧ ਦਰ 227.1 ਹੈ, ਜੋ ਹੋਰ ਰਾਜਾਂ ਨਾਲੋਂ ਕਾਫ਼ੀ ਘੱਟ ਹੈ। ਉਨ੍ਹਾਂ ਇਸਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅਪਰਾਧ ਅਤੇ ਗੈਂਗਸਟਰ ਨੈੱਟਵਰਕਾਂ ‘ਤੇ ਕੀਤੀ ਕਾਰਵਾਈ ਦਾ ਨਤੀਜਾ ਦੱਸਿਆ।

ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਜਿੱਥੇ ਵੀ ਭਾਜਪਾ ਦੀ ਸਰਕਾਰ ਹੁੰਦੀ ਹੈ, ਉੱਥੇ ਕਾਨੂੰਨ-ਵਿਵਸਥਾ ਕਮਜ਼ੋਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿਆਸੀ ਲਾਭ ਲਈ ਸਮਾਜ ਵਿੱਚ ਵੰਡ ਅਤੇ ਡਰ ਦਾ ਮਾਹੌਲ ਬਣਾਉਂਦੀ ਹੈ, ਜਿਸ ਨਾਲ ਅਪਰਾਧ ਵਿੱਚ ਵਾਧਾ ਹੁੰਦਾ ਹੈ।

ਚੰਡੀਗੜ੍ਹ ਵਿੱਚ ਹਾਲ ਹੀ ਦੌਰਾਨ ਇੱਕ 18 ਸਾਲਾ ਨੌਜਵਾਨ ਦੇ ਦਿਨ-ਦਿਹਾੜੇ ਕਤਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਘਟਨਾ ਭਾਜਪਾ ਨਿਯੰਤਰਿਤ ਪ੍ਰਸ਼ਾਸਨ ਦੀ ਨਾਕਾਮੀ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ, ਜੋ ਕਦੇ ‘ਸਿਟੀ ਬਿਊਟੀਫੁਲ’ ਵਜੋਂ ਜਾਣਿਆ ਜਾਂਦਾ ਸੀ, ਹੁਣ ਵਧਦੇ ਅਪਰਾਧ ਕਾਰਨ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

ਗੈਂਗਸਟਰ ਨੈੱਟਵਰਕਾਂ ‘ਤੇ ਗੱਲ ਕਰਦਿਆਂ ਚੀਮਾ ਨੇ ਦਾਅਵਾ ਕੀਤਾ ਕਿ ਭਾਜਪਾ ਸ਼ਾਸਿਤ ਰਾਜਾਂ ਵਿੱਚ ਗੈਂਗਸਟਰਵਾਦ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਪ੍ਰੋਤਸਾਹਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ, ਪਰ ਇਸਦੇ ਬਾਵਜੂਦ ਗੈਂਗਸਟਰ ਨੈੱਟਵਰਕ ਸਰਗਰਮ ਹਨ।

ਭਗਵੰਤ ਮਾਨ ਸਰਕਾਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਐਂਟੀ ਗੈਂਗਸਟਰ ਟਾਸਕ ਫੋਰਸ’ ਦੇ ਗਠਨ ਅਤੇ ਵੱਡੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਨਾਲ ਸੰਗਠਿਤ ਅਪਰਾਧ ‘ਤੇ ਨਕੇਲ ਕਸੀ ਗਈ ਹੈ।

ਚੀਮਾ ਨੇ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਪੰਜਾਬ ਅਤੇ ਦੇਸ਼ ਦੀਆਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਦਬਾਅ ਅਤੇ ਡਰ ਦਾ ਸਹਾਰਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਭਾਜਪਾ ਨਾਲ ਨਹੀਂ ਜੁੜਦੇ, ਉਨ੍ਹਾਂ ਖ਼ਿਲਾਫ਼ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ‘ਤੇ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਕਿ ਭਾਜਪਾ ਆਗੂ ਪੰਜਾਬ ਦੇ ਮਾਮਲਿਆਂ ਵਿੱਚ ਦਖ਼ਲ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਪਰ ਆਪਣੇ ਰਾਜਾਂ ਵਿੱਚ ਵਧਦੇ ਅਪਰਾਧ ‘ਤੇ ਕਾਬੂ ਪਾਉਣ ਵਿੱਚ ਅਸਫਲ ਹਨ।

ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਜਾਂਚ ਏਜੰਸੀਆਂ ਅਤੇ ਦਬਾਅ ਦੀ ਰਾਜਨੀਤੀ ਰਾਹੀਂ ਨਾ ਸਿਰਫ਼ ਵਿਰੋਧੀ ਧਿਰ ਦੇ ਰਾਜਾਂ, ਸਗੋਂ ਹਰ ਉਸ ਆਵਾਜ਼ ਨੂੰ ਨਿਸ਼ਾਨਾ ਬਣਾਉਂਦੀ ਹੈ ਜੋ ਉਨ੍ਹਾਂ ਅੱਗੇ ਝੁਕਣ ਤੋਂ ਇਨਕਾਰ ਕਰਦੀ ਹੈ। ਚੀਮਾ ਨੇ ਕਿਹਾ ਕਿ ਭਾਜਪਾ ਦਾ ਪੰਜਾਬ ਵਿਰੋਧੀ ਅਤੇ ਲੋਕਤੰਤਰ ਵਿਰੋਧੀ ਚਿਹਰਾ ਹੁਣ ਲੋਕਾਂ ਸਾਹਮਣੇ ਸਾਫ਼ ਹੋ ਚੁੱਕਾ ਹੈ।

Leave a Reply

Your email address will not be published. Required fields are marked *