Wednesday, July 29Punjabi People

‘ਗੈਂਗਸਟਰਾਂ ’ਤੇ ਵਾਰ’ ਦੇ 102ਵੇਂ ਦਿਨ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 472 ਥਾਵਾਂ ‘ਤੇ ਰੇਡਾਂ ਦੌਰਾਨ 241 ਵਿਅਕਤੀ ਕਾਬੂ

ਚੰਡੀਗੜ੍ਹ, 2 ਮਈ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਦੇ 102ਵੇਂ ਦਿਨ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਜੁੜੇ 472 ਪਛਾਣੇ ਹੋਏ ਟਿਕਾਣਿਆਂ ‘ਤੇ ਵੱਡੀ ਛਾਪੇਮਾਰੀ ਮੁਹਿੰਮ ਚਲਾਈ।

ਗੌਰਤਲਬ ਹੈ ਕਿ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਦੇ ਮਕਸਦ ਨਾਲ ਇਹ ਵਿਸ਼ੇਸ਼ ਮੁਹਿੰਮ 20 ਜਨਵਰੀ 2026 ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਸਹਿਯੋਗ ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੁਲਿਸ ਟੀਮਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਅਨੁਸਾਰ 102ਵੇਂ ਦਿਨ ਦੌਰਾਨ 241 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਅੱਠ ਹਥਿਆਰ ਵੀ ਬਰਾਮਦ ਹੋਏ ਹਨ। ਇਸ ਨਾਲ ਮੁਹਿੰਮ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 25,833 ਤੱਕ ਪਹੁੰਚ ਗਈ ਹੈ।

ਇਸ ਤੋਂ ਇਲਾਵਾ 91 ਲੋਕਾਂ ਖ਼ਿਲਾਫ਼ ਇਹਤਿਆਤੀ ਕਾਰਵਾਈ ਕੀਤੀ ਗਈ, ਜਦਕਿ ਪੁੱਛਗਿੱਛ ਅਤੇ ਜਾਂਚ ਮਗਰੋਂ 35 ਵਿਅਕਤੀਆਂ ਨੂੰ ਛੱਡ ਦਿੱਤਾ ਗਿਆ। ਕਾਰਵਾਈ ਦੌਰਾਨ ਪੰਜ ਭਗੌੜੇ ਅਪਰਾਧੀਆਂ ਨੂੰ ਵੀ ਕਾਬੂ ਕੀਤਾ ਗਿਆ।

ਪੰਜਾਬ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ‘ਤੇ ਗੁਪਤ ਤੌਰ ‘ਤੇ ਗੈਂਗਸਟਰਾਂ, ਲੋੜੀਂਦੇ ਅਪਰਾਧੀਆਂ ਜਾਂ ਕਿਸੇ ਵੀ ਅਪਰਾਧਿਕ ਗਤੀਵਿਧੀ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ।

ਇਸੇ ਦੌਰਾਨ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 427ਵੇਂ ਦਿਨ ਪੰਜਾਬ ਪੁਲਿਸ ਨੇ 150 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਉਨ੍ਹਾਂ ਕੋਲੋਂ 2.05 ਕਿਲੋ ਹੈਰੋਇਨ, 12.7 ਕਿਲੋ ਭੁੱਕੀ, 1337 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਦੇ ਨਾਲ 5720 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ।

ਇਸ ਮੁਹਿੰਮ ਤਹਿਤ ਪਿਛਲੇ 427 ਦਿਨਾਂ ਦੌਰਾਨ ਕੁੱਲ 62,098 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਸਦੇ ਨਾਲ ਹੀ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਮੁਹਿੰਮ ਤਹਿਤ ਅੱਜ 21 ਵਿਅਕਤੀਆਂ ਨੂੰ ਡੀ-ਐਡਿਕਸ਼ਨ ਅਤੇ ਰਿਹੈਬਿਲਿਟੇਸ਼ਨ ਇਲਾਜ ਲਈ ਪ੍ਰੇਰਿਤ ਕੀਤਾ ਗਿਆ।

Leave a Reply

Your email address will not be published. Required fields are marked *