
ਚੰਡੀਗੜ੍ਹ, 2 ਮਈ 2026: ਆਪਣੇ ‘ਔਰਾ ਵਰਲਡ ਟੂਰ’ ਦੌਰਾਨ ਪੰਜਾਬੀ ਅਤੇ ਬਾਲੀਵੁੱਡ ਗਾਇਕ ਦਿਲਜੀਤ ਦੋਸਾਂਝ ਨੇ ਅਮਰੀਕਾ ਦੇ ਕੈਲਗਰੀ ਵਿੱਚ ਹੋਏ ਇੱਕ ਲਾਈਵ ਸ਼ੋਅ ਦੌਰਾਨ ਖਾਲਿਸਤਾਨੀ ਸਮਰਥਕਾਂ ਨੂੰ ਕਰਾਰਾ ਜਵਾਬ ਦਿੱਤਾ। ਸ਼ੋਅ ਦੌਰਾਨ ਕੁਝ ਲੋਕਾਂ ਵੱਲੋਂ ਪੋਸਟਰ ਦਿਖਾਏ ਜਾਣ ‘ਤੇ ਦਿਲਜੀਤ ਨੇ ਸਟੇਜ ਤੋਂ ਹੀ ਤਿੱਖਾ ਰੁਖ ਅਖਤਿਆਰ ਕੀਤਾ। ਇਹ ਪਹਿਲੀ ਵਾਰ ਸੀ ਜਦੋਂ ਉਹ ਆਪਣੇ ਕਿਸੇ ਪ੍ਰੋਗਰਾਮ ਵਿੱਚ ਇੰਨੇ ਗੁੱਸੇ ਵਿੱਚ ਨਜ਼ਰ ਆਏ।
ਸਿੱਧੂ ਮੂਸੇਵਾਲਾ ਦੇ ਅੰਦਾਜ਼ ਦੀ ਯਾਦ ਦਿਵਾਉਂਦੇ ਹੋਏ ਦਿਲਜੀਤ ਨੇ ਜੋਸ਼ੀਲੇ ਅੰਦਾਜ਼ ਵਿੱਚ ਆਪਣੀ ਜਾਂਘ ‘ਤੇ ਥਾਪੀ ਮਾਰਦਿਆਂ ਕਿਹਾ ਕਿ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਸਾਹਮਣੇ ਆਵੇ, ਨਹੀਂ ਤਾਂ “ਚੁੱਕ ਕੇ ਬਾਹਰ ਸੁੱਟ ਦਿਆਂਗਾ।” ਉਨ੍ਹਾਂ ਖਾਲਿਸਤਾਨੀ ਸਮਰਥਕਾਂ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਪੰਜਾਬ ਲਈ ਅਸਲ ਵਿੱਚ ਕੀ ਕੀਤਾ ਹੈ। ਦਿਲਜੀਤ ਨੇ ਕਿਹਾ ਕਿ ਭਾਵੇਂ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਸੀ, ਫਿਰ ਵੀ ਉਹ ਪੰਜਾਬ ਵਿੱਚ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਏ ਅਤੇ ਘਰਾਂ ਦੀ ਮੁੜ ਉਸਾਰੀ ਵਿੱਚ ਸਹਿਯੋਗ ਦਿੱਤਾ।
ਕਿਸੇ ਖਾਸ ਪ੍ਰੋਗਰਾਮ ਦਾ ਨਾਮ ਲਏ ਬਿਨਾਂ ਉਨ੍ਹਾਂ ਨੇ ਇੱਕ ਮਸ਼ਹੂਰ ਟੀਵੀ ਸ਼ੋਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਰਾਸ਼ਟਰੀ ਮੀਡੀਆ ਤੱਕ ਨਹੀਂ ਪਹੁੰਚ ਰਹੀ ਸੀ। ਇਸ ਲਈ ਉਹ ਉਸ ਮੰਚ ‘ਤੇ ਗਏ, ਪਰ ਉੱਥੇ ਆਪਣੀ ਫਿਲਮ ਜਾਂ ਨਿੱਜੀ ਪ੍ਰਚਾਰ ਕਰਨ ਦੀ ਬਜਾਏ ਪੰਜਾਬ ਦੀ ਭਲਾਈ ਲਈ ਫੰਡ ਇਕੱਠੇ ਕਰਨ ਦੀ ਗੱਲ ਕੀਤੀ।
ਦਿਲਜੀਤ ਨੇ ਆਪਣੇ ਅਮਰੀਕੀ ਦੌਰੇ ਅਤੇ ਜਿੰਮੀ ਫੈਲਨ ਦੇ ਸ਼ੋਅ ਵਿੱਚ ਸ਼ਮੂਲੀਅਤ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਉੱਥੇ ਵੀ ਉਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਹੀ ਉਭਾਰਿਆ ਅਤੇ ਕਾਮਾਗਾਟਾ ਮਾਰੂ ਘਟਨਾ ਦਾ ਜ਼ਿਕਰ ਕਰਕੇ ਪੰਜਾਬੀ ਇਤਿਹਾਸ ਨੂੰ ਦੁਨੀਆ ਸਾਹਮਣੇ ਰੱਖਿਆ।
