
ਅੰਮ੍ਰਿਤਸਰ / ਚੰਡੀਗੜ੍ਹ, 17 ਅਪ੍ਰੈਲ 2026: ਕਸਟਮ ਵਿਭਾਗ ਨੇ ਬੈਂਕਾਕ ਤੋਂ ਆਏ ਇੱਕ ਯਾਤਰੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਾਬੂ ਕਰਦਿਆਂ ਉਸ ਕੋਲੋਂ ਵੱਡੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਗਾਂਜਾ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਗਾਂਜੇ ਦਾ ਕੁੱਲ ਵਜ਼ਨ 6 ਕਿਲੋ 270 ਗ੍ਰਾਮ ਦੱਸਿਆ ਗਿਆ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 6 ਕਰੋੜ 27 ਲੱਖ ਰੁਪਏ ਅੰਕੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕ ਦੇ ਆਧਾਰ ‘ਤੇ ਯਾਤਰੀ ਦੇ ਸਮਾਨ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਬਹੁਤ ਹੀ ਚਾਲਾਕੀ ਨਾਲ ਲੁਕਾਇਆ ਗਿਆ ਗਾਂਜਾ ਬਰਾਮਦ ਹੋਇਆ। ਅਧਿਕਾਰੀਆਂ ਮੁਤਾਬਕ ਇਹ ਵਿਅਕਤੀ ਬੈਂਕਾਕ ਤੋਂ ਸਿੰਗਾਪੁਰ ਰਾਹੀਂ ਉਡਾਣ ਲੈ ਕੇ ਅੰਮ੍ਰਿਤਸਰ ਪਹੁੰਚਿਆ ਸੀ, ਜਿਸ ਕਰਕੇ ਉਸਦੀ ਗਤੀਵਿਧੀ ‘ਤੇ ਨਿਗਰਾਨੀ ਕੀਤੀ ਜਾ ਰਹੀ ਸੀ।
ਕਸਟਮ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਖ਼ਿਲਾਫ਼ ਕਸਟਮ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਨਾਲ ਹੀ ਬਰਾਮਦ ਕੀਤਾ ਗਿਆ ਸਾਰਾ ਨਸ਼ੀਲਾ ਸਮਾਨ ਜ਼ਬਤ ਕਰ ਲਿਆ ਗਿਆ ਹੈ।
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਨਸ਼ਾ ਤਸਕਰੀ ਦੇ ਜਾਲ ਨਾਲ ਜੁੜੇ ਹੋਰ ਲੋਕਾਂ ਅਤੇ ਸੰਭਾਵਿਤ ਗਿਰੋਹ ਦਾ ਪਤਾ ਲਗਾਇਆ ਜਾ ਸਕੇ। ਇਸ ਘਟਨਾ ਨਾਲ ਹਵਾਈ ਅੱਡਿਆਂ ‘ਤੇ ਨਸ਼ਾ ਤਸਕਰੀ ਦੇ ਵਧਦੇ ਖਤਰੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਦੀ ਚੌਕਸੀ ਹੋਰ ਵਧ ਗਈ ਹੈ।
