Saturday, May 23Punjabi People

ਮਹਿਲਾਵਾਂ ਨੂੰ ਜਲਦੀ ਹੀ 1500 ਅਤੇ 1000 ਰੁਪਏ ਦੀ ਸਨਮਾਨ ਰਕਮ ਦਿੱਤੀ ਜਾਵੇਗੀ – ਸ. ਗੁਰਮੀਤ ਸਿੰਘ ਖੁੱਡੀਆਂ

ਲੰਬੀ / ਸ੍ਰੀ ਮੁਕਤਸਰ ਸਾਹਿਬ, 04 ਅਪ੍ਰੈਲ 2026: ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਆਪਣੇ ਗ੍ਰਹਿ ਪਿੰਡ ਖੁੱਡੀਆਂ ਵਿਖੇ ਮਹਿਲਾ ਵਿੰਗ ਦੇ ਅਹੁਦੇਦਾਰਾਂ ਨਾਲ ਇੱਕ ਅਹਿਮ ਬੈਠਕ ਕੀਤੀ। ਇਸ ਦੌਰਾਨ ਮਹਿਲਾਵਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦੇ ਸੁਝਾਅ ਵੀ ਧਿਆਨ ਨਾਲ ਸੁਣੇ ਗਏ।

ਮੀਟਿੰਗ ਦੌਰਾਨ ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਮਹੀਨਾਵਾਰ 1500 ਅਤੇ 1000 ਰੁਪਏ ਦੀ ਸਹਾਇਤਾ ਦੇਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ ਅਤੇ 13 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕਦਮ ਮਹਿਲਾਵਾਂ ਦੀ ਭਲਾਈ ਵੱਲ ਇੱਕ ਵੱਡਾ ਫੈਸਲਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮਹਿਲਾਵਾਂ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਆਰਥਿਕ ਮਦਦ ਮਹਿਲਾਵਾਂ ਨੂੰ ਖੁਦਮੁਖਤਿਆਰ ਬਣਾਉਣ ਦੇ ਨਾਲ ਨਾਲ ਘਰੇਲੂ ਖਰਚਾਂ ਵਿੱਚ ਵੀ ਰਾਹਤ ਦੇਵੇਗੀ।

ਸ. ਖੁੱਡੀਆਂ ਨੇ ਕਿਹਾ ਕਿ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਮਕਸਦ ਹਰ ਵਰਗ ਤੱਕ ਲਾਭ ਪਹੁੰਚਾਉਣਾ ਹੈ ਅਤੇ ਮਹਿਲਾਵਾਂ ਲਈ ਇਹ ਯੋਜਨਾ ਵੀ ਇਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਕਈ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਇਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਯੋਜਨਾਵਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਕੇ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।

ਇਸ ਮੌਕੇ ਹਲਕਾ ਕੋਆਰਡੀਨੇਟਰ ਕੋਮਲਪ੍ਰੀਤ ਕੌਰ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਕੌਰ, ਬਲਾਕ ਕੋਆਰਡੀਨੇਟਰ ਕੁਲਦੀਪ ਕੌਰ, ਮਨਪ੍ਰੀਤ ਕੌਰ, ਬੇਅੰਤ ਕੌਰ, ਰਮਨਦੀਪ ਕੌਰ ਅਤੇ ਮਨਜੀਤ ਕੌਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *