Saturday, May 23Punjabi People

ਵਿਜੀਲੈਂਸ ਬਿਊਰੋ ਦੀ ਕਾਰਵਾਈ, ਪਟਵਾਰੀ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਬਰਨਾਲਾ / ਚੰਡੀਗੜ੍ਹ, 30 ਅਪ੍ਰੈਲ 2026:  ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਨੇ ਇੱਕ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਹਰਮਨਜੀਤ ਸਿੰਘ ਵਜੋਂ ਹੋਈ ਹੈ, ਜੋ ਧਨੌਲਾ ਸਬ-ਤਹਿਸੀਲ ਦੇ ਕੱਟੂ ਮਾਲ ਸਰਕਲ ਵਿੱਚ ਤਾਇਨਾਤ ਹੈ।

ਮਿਲੀ ਜਾਣਕਾਰੀ ਮੁਤਾਬਕ, ਸ਼ਿਕਾਇਤਕਰਤਾ ਬਸ਼ੀਰ ਖਾਨ ਦੇ ਪਿਤਾ ਦਿਲਾਵਰ ਖਾਨ ਨੇ ਸਾਲ 2014 ਵਿੱਚ ਮਾਲਵਾ ਗ੍ਰਾਮੀਣ ਬੈਂਕ (ਮੌਜੂਦਾ ਪੰਜਾਬ ਗ੍ਰਾਮੀਣ ਬੈਂਕ) ਤੋਂ ਆਪਣੀ ਖੇਤੀਬਾੜੀ ਜ਼ਮੀਨ ‘ਤੇ 2.70 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ਾ ਅਦਾ ਕਰਨ ਤੋਂ ਬਾਅਦ ਬੈਂਕ ਵੱਲੋਂ ਜ਼ਮੀਨ ਨੂੰ ਬੈਂਕ ਰਿਕਾਰਡ ਤੋਂ ਮੁਕਤ ਕਰਨ ਲਈ ਸਬੰਧਤ ਪਟਵਾਰੀ ਨੂੰ ਲਿਖਤੀ ਸੂਚਨਾ ਭੇਜੀ ਗਈ ਸੀ।

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਹ ਧਨੌਲਾ ਤਹਿਸੀਲ ਦਫ਼ਤਰ ਵਿੱਚ ਪਟਵਾਰੀ ਹਰਮਨਜੀਤ ਸਿੰਘ ਨੂੰ ਮਿਲਿਆ ਤਾਂ ਉਸ ਨੇ ਜ਼ਮੀਨ ਨੂੰ ਕਰਜ਼ਾ ਮੁਕਤ ਦਰਸਾਉਣ ਵਾਲਾ ਸਰਟੀਫਿਕੇਟ ਜਾਰੀ ਕਰਨ ਅਤੇ ਉਸਦੇ ਮਰਹੂਮ ਪਿਤਾ ਦੀ ਜਾਇਦਾਦ ਦਾ ਇੰਤਕਾਲ ਦਰਜ ਕਰਨ ਦੇ ਬਦਲੇ 5 ਹਜ਼ਾਰ ਰੁਪਏ ਦੀ ਮੰਗ ਕੀਤੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ 16 ਜਨਵਰੀ 2026 ਨੂੰ ਬਸ਼ੀਰ ਖਾਨ ਨੇ ਪਟਵਾਰੀ ਦੇ ਕਹਿਣ ‘ਤੇ ਗੂਗਲ ਪੇ ਰਾਹੀਂ 4 ਹਜ਼ਾਰ ਰੁਪਏ ਟ੍ਰਾਂਸਫਰ ਕੀਤੇ। ਵਿਜੀਲੈਂਸ ਬਿਊਰੋ ਦੀ ਜਾਂਚ ਅਤੇ ਬੈਂਕ ਰਿਕਾਰਡ ਦੀ ਪੜਤਾਲ ਵਿੱਚ ਇਹ ਗੱਲ ਸਾਬਤ ਹੋਈ ਕਿ ਇਹ ਰਕਮ ਪਟਵਾਰੀ ਦੀ ਮਾਤਾ ਗੁਰਮੀਤ ਕੌਰ ਦੇ ਸੈਂਟਰਲ ਬੈਂਕ ਆਫ ਇੰਡੀਆ, ਬੁਢਲਾਡਾ ਸ਼ਾਖਾ ਦੇ ਖਾਤੇ ਵਿੱਚ ਭੇਜੀ ਗਈ ਸੀ।

ਤਕਨੀਕੀ ਸਬੂਤਾਂ ਅਤੇ ਬੈਂਕ ਲੈਣ-ਦੇਣ ਦੀ ਪੁਸ਼ਟੀ ਤੋਂ ਬਾਅਦ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਨੇ ਦੋਸ਼ੀ ਪਟਵਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਕਾਰਵਾਈ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *