Saturday, May 23Punjabi People

ਪੰਜਾਬ ਵਿੱਚ ਜ਼ਮੀਨ ਹੇਠ ਤੇਲ-ਗੈਸ ਦੀ ਖੋਜ ਤੇਜ਼, ਕਈ ਜ਼ਿਲ੍ਹਿਆਂ ਵਿੱਚ ਸਰਵੇਖਣ ਦੀ ਸ਼ੁਰੂਆਤ

ਚੰਡੀਗੜ੍ਹ, 29 ਅਪ੍ਰੈਲ 2026: ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਕੰਮ ਕਰ ਰਹੇ ਡਾਇਰੈਕਟੋਰੇਟ ਜਨਰਲ ਆਫ ਹਾਈਡ੍ਰੋਕਾਰਬਨ (DGH) ਅਤੇ ਆਇਲ ਇੰਡੀਆ ਲਿਮਟਿਡ (OIL) ਦੇ ਅਧਿਕਾਰੀਆਂ ਨੇ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਕੁਦਰਤੀ ਗੈਸ ਅਤੇ ਕੱਚੇ ਤੇਲ ਦੀ ਖੋਜ ਲਈ ਸਹਿਯੋਗ ਮੰਗਿਆ।

ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ, ਮੋਗਾ, ਜਲੰਧਰ ਅਤੇ ਕਪੂਰਥਲਾ ਸਮੇਤ ਕਈ ਖੇਤਰਾਂ ਵਿੱਚ ਸਰਵੇਖਣ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਰਾਜਸਥਾਨ ਦੇ ਬਾੜਮੇਰ, ਸਾਂਚੋਰ, ਜੈਸਲਮੇਰ ਅਤੇ ਬੀਕਾਨੇਰ-ਨਾਗੌਰ ਬੇਸਿਨਾਂ ਨਾਲ ਲੱਗਦੇ ਖੇਤਰਾਂ ਅਤੇ ਗੰਗਾ ਬੇਸਿਨ ਦੇ ਨੇੜਲੇ ਇਲਾਕਿਆਂ ਨੂੰ ਵੀ ਸਰਵੇ ਵਿੱਚ ਸ਼ਾਮਲ ਕੀਤਾ ਗਿਆ ਹੈ।

ਪੰਜਾਬ ਵਿੱਚ ਪੋਟਾਸ਼ ਦੀ ਸੰਭਾਵਨਾ ਦੇ ਮੁਲਾਂਕਣ ਤੋਂ ਬਾਅਦ ਹੁਣ ਕੁਦਰਤੀ ਗੈਸ ਅਤੇ ਕੱਚੇ ਤੇਲ ਦੀ ਖੋਜ ਲਈ ਨਵਾਂ ਕਦਮ ਚੁੱਕਿਆ ਗਿਆ ਹੈ। ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹਾਈਡਰੋਕਾਰਬਨ ਸਰੋਤਾਂ ਦੀ ਖੋਜ ਰਾਜ ਦੇ ਆਰਥਿਕ ਵਿਕਾਸ ਲਈ ਨਵੇਂ ਮੌਕੇ ਪੈਦਾ ਕਰ ਸਕਦੀ ਹੈ।

MGSIPA ਵਿਖੇ ਹੋਈ ਮੀਟਿੰਗ ਦੌਰਾਨ DGH ਅਤੇ OIL ਦੇ ਸੀਨੀਅਰ ਅਧਿਕਾਰੀਆਂ ਨਾਲ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਤੇਲ ਅਤੇ ਗੈਸ ਦੀ ਸੰਭਾਵਨਾ ‘ਤੇ ਵਿਸਥਾਰ ਨਾਲ ਚਰਚਾ ਹੋਈ। ਵਫ਼ਦ ਵਿੱਚ ਅਜੈ ਕੁਮਾਰ ਸ਼ਰਮਾ (HOD, DGH), ਸੁਰੇਂਦਰ ਕੁਮਾਰ ਦਾਸ (DGM), ਅਨੂਪ ਕੁਮਾਰ (Executive Director, OIL) ਸਮੇਤ ਹੋਰ ਮਾਹਰ ਸ਼ਾਮਲ ਸਨ।

ਅਧਿਕਾਰੀਆਂ ਨੇ ਦੱਸਿਆ ਕਿ OIL ਵੱਲੋਂ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ 2D Seismic Survey ਕਰਵਾਇਆ ਜਾਵੇਗਾ, ਜਿਸ ਰਾਹੀਂ ਜ਼ਮੀਨ ਹੇਠ ਮੌਜੂਦ ਤੇਲ ਅਤੇ ਗੈਸ ਭੰਡਾਰਾਂ ਦਾ ਵਿਗਿਆਨਕ ਮੁਲਾਂਕਣ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨੂੰ ‘ਮਿਸ਼ਨ ਅਨਵੇਸ਼ਣ’ (Mission Anveshan) ਨਾਮ ਦਿੱਤਾ ਗਿਆ ਹੈ।

ਇਸ ਤਹਿਤ ਪੰਜਾਬ ਸਬ-ਬੇਸਿਨ ਵਿੱਚ ਲਗਭਗ 169 ਲਾਈਨ ਕਿਲੋਮੀਟਰ ਖੇਤਰ ਵਿੱਚ ਸਰਵੇ ਕੀਤਾ ਜਾਵੇਗਾ, ਜਿਸ ਨਾਲ ਸਟੀਕ ਭੂ-ਵਿਗਿਆਨਕ ਡੇਟਾ ਇਕੱਠਾ ਕੀਤਾ ਜਾ ਸਕੇਗਾ ਅਤੇ ਭਵਿੱਖ ਵਿੱਚ ਸੰਭਾਵਿਤ ਤੇਲ-ਗੈਸ ਭੰਡਾਰਾਂ ਦੀ ਪਛਾਣ ਵਿੱਚ ਮਦਦ ਮਿਲੇਗੀ।

Leave a Reply

Your email address will not be published. Required fields are marked *