Saturday, May 23Punjabi People

ਪਟਿਆਲਾ ਰੇਲਵੇ ਟਰੈਕ ਧਮਾਕਾ ਮਾਮਲਾ: ਸ਼ੰਭੂ ਬੰਬ ਬਲਾਸਟ ਵਿੱਚ ਸ਼ਾਮਲ ਬਾਬਾ ਬੇਅੰਤ ਕਾਬੂ

ਪਟਿਆਲਾ / ਚੰਡੀਗੜ੍ਹ, 2 ਮਈ 2026:  ਪਟਿਆਲਾ ਪੁਲਿਸ ਨੇ ਸ਼ੰਭੂ ਨੇੜੇ ਰੇਲਵੇ ਟਰੈਕ ‘ਤੇ ਹੋਏ ਬੰਬ ਧਮਾਕੇ ਮਾਮਲੇ ਵਿੱਚ ਇੱਕ ਹੋਰ ਵੱਡੀ ਗ੍ਰਿਫ਼ਤਾਰੀ ਕੀਤੀ ਹੈ। ਪੁਲਿਸ ਨੇ ਮ੍ਰਿਤਕ ਜਗਰੂਪ ਸਿੰਘ ਜੂਪਾ ਦੇ ਸਾਥੀ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਨੂੰ ਕਾਬੂ ਕਰ ਲਿਆ ਹੈ। ਧਮਾਕੇ ਵੇਲੇ ਬਾਬਾ ਬੇਅੰਤ ਵੀ ਜਗਰੂਪ ਦੇ ਨਾਲ ਮੌਜੂਦ ਸੀ, ਪਰ ਕੁਝ ਦੂਰੀ ‘ਤੇ ਹੋਣ ਕਾਰਨ ਉਹ ਬਚ ਗਿਆ ਅਤੇ ਘਟਨਾ ਮਗਰੋਂ ਫਰਾਰ ਹੋ ਗਿਆ ਸੀ।

ਇਸ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਉਸਨੇ ਕਬੂਲਿਆ ਕਿ ਸੀਆਈਏ ਮੋਗਾ ਅਤੇ ਸਰਹਿੰਦ ਰੇਲਵੇ ਟਰੈਕ ‘ਤੇ ਹੋਏ ਬੰਬ ਧਮਾਕਿਆਂ ਵਿੱਚ ਵੀ ਉਸਦੀ ਸ਼ਮੂਲੀਅਤ ਸੀ।

ਗੌਰਤਲਬ ਹੈ ਕਿ ਬੀਤੇ ਸੋਮਵਾਰ ਰਾਤ ਕਰੀਬ 10 ਵਜੇ ਸ਼ੰਭੂ ਰੇਲਵੇ ਲਾਈਨ ‘ਤੇ ਧਮਾਕਾ ਹੋਇਆ ਸੀ, ਜਿਸ ਦੌਰਾਨ ਘਟਨਾ ਨੂੰ ਅੰਜਾਮ ਦੇ ਰਹੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਇਹ ਛੇਵੀਂ ਗ੍ਰਿਫ਼ਤਾਰੀ ਹੈ। ਇਸ ਤੋਂ ਪਹਿਲਾਂ ਪੁਲਿਸ ਜਗਰੂਪ ਦੇ ਭਰਾ ਸਤਨਾਮ ਸਿੰਘ ਸੱਤਾ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਧਮਾਕੇ ਤੋਂ ਬਾਅਦ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਜਥੇਬੰਦੀ ਦੇ ਮੁਖੀ ਜਥੇਦਾਰ ਰਣਜੀਤ ਸਿੰਘ ਨੀਟਾ (ਜੰਮੂ) ਵੱਲੋਂ ਇੱਕ ਆਡੀਓ ਕਲਿੱਪ ਜਾਰੀ ਕੀਤੀ ਗਈ ਸੀ, ਜਿਸ ਵਿੱਚ ਜਗਰੂਪ ਸਿੰਘ ਪੰਜਵੜ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਗਿਆ ਅਤੇ ਬਦਲਾ ਲੈਣ ਦੀ ਗੱਲ ਕਹੀ ਗਈ। ਕਰੀਬ ਪੌਣੇ ਚਾਰ ਮਿੰਟ ਦੀ ਇਸ ਕਲਿੱਪ ਵਿੱਚ ਦੇਸ਼ ਭਰ ਦੀਆਂ ਰੇਲਾਂ ਵਿੱਚ ਅਗਲੇ 10 ਦਿਨਾਂ ਦੌਰਾਨ ਬੰਬ ਧਮਾਕੇ ਕਰਨ ਦੀ ਧਮਕੀ ਵੀ ਦਿੱਤੀ ਗਈ ਸੀ। ਨਾਲ ਹੀ ਇਹ ਦਾਅਵਾ ਵੀ ਕੀਤਾ ਗਿਆ ਕਿ ਹਾਲ ਹੀ ਵਿੱਚ ਟਰੇਨ ਅਤੇ ਸੀਆਈਏ ਮੋਗਾ ‘ਚ ਹੋਈਆਂ ਵਾਰਦਾਤਾਂ ਨੂੰ ਜਗਰੂਪ ਸਿੰਘ ਨੇ ਅੰਜਾਮ ਦਿੱਤਾ ਸੀ।

Leave a Reply

Your email address will not be published. Required fields are marked *