
ਚੰਡੀਗੜ੍ਹ, 13 ਮਈ 2026: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਅਧਿਕਾਰਕ ਐਲਾਨ ਹੋ ਗਿਆ ਹੈ। ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਸੂਬੇ ਭਰ ਵਿੱਚ ਵੋਟਿੰਗ 26 ਮਈ ਨੂੰ ਕਰਵਾਈ ਜਾਵੇਗੀ, ਜਦਕਿ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ।
ਇਸ ਵਾਰ ਨਗਰ ਨਿਗਮ ਚੋਣਾਂ ਵਿੱਚ ਵੋਟਿੰਗ EVM ਮਸ਼ੀਨਾਂ ਦੀ ਬਜਾਏ ਬੈਲਟ ਬਾਕਸਾਂ ਰਾਹੀਂ ਕਰਵਾਈ ਜਾਵੇਗੀ। ਜਾਣਕਾਰੀ ਮੁਤਾਬਕ, ਆਂਧਰਾ ਪ੍ਰਦੇਸ਼ ਦੀ Bharat Electronics Limited (BEL) ਕੰਪਨੀ ਤੋਂ EVM ਮੰਗਵਾਈਆਂ ਗਈਆਂ ਸਨ, ਪਰ ਕੰਪਨੀ ਦੇ ਅਧਿਕਾਰੀ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਸਮੇਤ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਅਸਤ ਹੋਣ ਕਾਰਨ ਮਸ਼ੀਨਾਂ ਉਪਲਬਧ ਨਹੀਂ ਹੋ ਸਕੀਆਂ।
ਚੋਣ ਪ੍ਰੋਗਰਾਮ ਅਨੁਸਾਰ, ਉਮੀਦਵਾਰ 13 ਮਈ ਤੋਂ 16 ਮਈ ਤੱਕ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਨਾਮਜ਼ਦਗੀਆਂ ਦੀ ਜਾਂਚ ਤੋਂ ਬਾਅਦ ਉਮੀਦਵਾਰ ਨਿਰਧਾਰਤ ਮਿਆਦ ਅੰਦਰ ਆਪਣੇ ਪਰਚੇ ਵਾਪਸ ਵੀ ਲੈ ਸਕਣਗੇ।
26 ਮਈ ਨੂੰ ਸੂਬੇ ਦੇ ਵੱਖ-ਵੱਖ ਨਗਰ ਨਿਗਮਾਂ ਵਿੱਚ ਵੋਟਿੰਗ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਪ੍ਰਸ਼ਾਸਨ ਵੱਲੋਂ ਪੋਲਿੰਗ ਬੂਥਾਂ ‘ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਪੂਰੀ ਹੋ ਸਕੇ।
ਚੋਣਾਂ ਦੇ ਐਲਾਨ ਨਾਲ ਹੀ ਸੂਬੇ ਵਿੱਚ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੱਖ-ਵੱਖ ਪਾਰਟੀਆਂ ਉਮੀਦਵਾਰਾਂ ਦੀ ਚੋਣ, ਪ੍ਰਚਾਰ ਰਣਨੀਤੀਆਂ ਅਤੇ ਸਥਾਨਕ ਮੁੱਦਿਆਂ ‘ਤੇ ਮੀਟਿੰਗਾਂ ਕਰਨ ਵਿੱਚ ਜੁੱਟ ਗਈਆਂ ਹਨ।ਇਸ ਵਾਰ ਚੋਣਾਂ ਵਿੱਚ ਸਫਾਈ ਪ੍ਰਬੰਧ, ਸੜਕਾਂ, ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ, ਸਟਰੀਟ ਲਾਈਟਾਂ ਅਤੇ ਸ਼ਹਿਰੀ ਵਿਕਾਸ ਵਰਗੇ ਮੁੱਦੇ ਮੁੱਖ ਚਰਚਾ ਦਾ ਕੇਂਦਰ ਰਹਿਣ ਦੀ ਸੰਭਾਵਨਾ ਹੈ।
ਚੋਣ ਸ਼ਡਿਊਲ ਜਾਰੀ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਅਧਿਕਾਰੀਆਂ ਨੇ ਵੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪੋਲਿੰਗ ਸਟੇਸ਼ਨਾਂ ਦੀ ਸੂਚੀ, ਸੁਰੱਖਿਆ ਪ੍ਰਬੰਧ ਅਤੇ ਚੋਣ ਅਮਲੇ ਦੀ ਤਾਇਨਾਤੀ ਸੰਬੰਧੀ ਕੰਮ ਜਾਰੀ ਹੈ।
