
ਚੰਡੀਗੜ੍ਹ / ਅੰਮ੍ਰਿਤਸਰ, 15 ਮਈ 2026: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਮਲੇਸ਼ੀਆ ਤੋਂ ਆਏ ਇੱਕ ਯਾਤਰੀ ਕੋਲੋਂ ਕਰੀਬ 2.24 ਕਰੋੜ ਰੁਪਏ ਮੁੱਲ ਦਾ ਸੋਨਾ ਬਰਾਮਦ ਕੀਤਾ ਹੈ। ਕਸਟਮ ਅਧਿਕਾਰੀਆਂ ਨੇ ਦੋਸ਼ੀ ਯਾਤਰੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਯਾਤਰੀ ਮਲੇਸ਼ੀਆ ਤੋਂ ਉਡਾਣ ਰਾਹੀਂ ਅੰਮ੍ਰਿਤਸਰ ਪਹੁੰਚਿਆ ਸੀ। ਹਵਾਈ ਅੱਡੇ ‘ਤੇ ਨਿਯਮਤ ਚੈਕਿੰਗ ਦੌਰਾਨ ਕਸਟਮ ਟੀਮ ਨੂੰ ਉਸ ਦੀਆਂ ਹਰਕਤਾਂ ਸ਼ੱਕੀ ਲੱਗੀਆਂ, ਜਿਸ ਤੋਂ ਬਾਅਦ ਉਸਦੇ ਸਾਮਾਨ ਅਤੇ ਨਿੱਜੀ ਚੀਜ਼ਾਂ ਦੀ ਵਿਸਥਾਰ ਨਾਲ ਤਲਾਸ਼ੀ ਲਈ ਗਈ।
ਜਾਂਚ ਦੌਰਾਨ ਅਧਿਕਾਰੀਆਂ ਨੂੰ ਬਰੇਸਲੇਟ ਅਤੇ ਹੋਰ ਗਹਿਣਿਆਂ ਦੇ ਰੂਪ ਵਿੱਚ ਲੁਕਾਇਆ ਗਿਆ ਸੋਨਾ ਮਿਲਿਆ। ਕਸਟਮ ਵਿਭਾਗ ਵੱਲੋਂ ਕੀਤੀ ਜਾਂਚ ਵਿੱਚ ਇਹ ਸੋਨਾ 24 ਕੈਰੇਟ ਦਾ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਸੋਨੇ ਨੂੰ ਬੜੀ ਚਲਾਕੀ ਨਾਲ ਗਹਿਣਿਆਂ ਦੇ ਰੂਪ ਵਿੱਚ ਛੁਪਾਇਆ ਹੋਇਆ ਸੀ ਤਾਂ ਜੋ ਜਾਂਚ ਏਜੰਸੀਆਂ ਦੀ ਨਜ਼ਰ ਤੋਂ ਬਚਿਆ ਜਾ ਸਕੇ।
ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰਕੇ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਹੁਣ ਇਹ ਵੀ ਪਤਾ ਲਗਾ ਰਹੇ ਹਨ ਕਿ ਇਸ ਮਾਮਲੇ ਦਾ ਸੰਬੰਧ ਕਿਸੇ ਵੱਡੇ ਸਮੱਗਲਿੰਗ ਰੈਕਟ ਨਾਲ ਤਾਂ ਨਹੀਂ ਹੈ।
