Saturday, May 23Punjabi People

ਮਾਣਹਾਨੀ ਮਾਮਲੇ ਵਿੱਚ ਮਜੀਠੀਆ ਨੂੰ ਹਾਈ ਕੋਰਟ ਵੱਲੋਂ ਝਟਕਾ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੀ ਪਟੀਸ਼ਨ ਮਨਜ਼ੂਰ ਕਰਦੇ ਹੋਏ ਅਦਾਲਤ ਨੇ ਕ੍ਰਾਸ-ਇਗਜ਼ਾਮੀਨੇਸ਼ਨ ਦੀ ਇਜਾਜ਼ਤ ਦਿੱਤੀ

ਚੰਡੀਗੜ੍ਹ, 27 ਮਾਰਚ 2026: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਖ਼ਿਲਾਫ ਦਰਜ ਮਾਣਹਾਨੀ ਮਾਮਲੇ ਵਿੱਚ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਲੱਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੰਜੇ ਸਿੰਘ ਵੱਲੋਂ ਦਾਇਰ ਕੀਤੀ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ ਮਜੀਠੀਆ ਦੀ ਕ੍ਰਾਸ-ਇਗਜ਼ਾਮੀਨੇਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਮੁੜ ਲੁਧਿਆਣਾ ਅਦਾਲਤ ਵਿੱਚ ਹੋਵੇਗੀ।

ਪਹਿਲਾਂ ਲੁਧਿਆਣਾ ਅਦਾਲਤ ਨੇ ਮਜੀਠੀਆ ਦੇ ਟ੍ਰਾਇਲ ਨੂੰ ਖਾਰਜ ਕਰ ਦਿੱਤਾ ਸੀ, ਜਿਸ ਦੇ ਖ਼ਿਲਾਫ 2021 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਸਰਕਾਰੀ ਵਕੀਲ ਫੈਰੀ ਸੋਫਤ ਮੁਤਾਬਕ, ਮਜੀਠੀਆ ਨੇ 2016 ਵਿੱਚ ਸੰਜੇ ਸਿੰਘ ਖ਼ਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ, ਪਰ ਅਦਾਲਤ ਨੇ ਕ੍ਰਾਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਸੰਜੇ ਸਿੰਘ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

ਹੁਣ ਹਾਈ ਕੋਰਟ ਦੇ ਫੈਸਲੇ ਨਾਲ ਸੰਜੇ ਸਿੰਘ ਨੂੰ ਮਜੀਠੀਆ ਦੀ ਕ੍ਰਾਸ-ਇਗਜ਼ਾਮੀਨੇਸ਼ਨ ਕਰਨ ਦਾ ਮੌਕਾ ਮੁੜ ਮਿਲ ਗਿਆ ਹੈ। ਦੂਜੇ ਪਾਸੇ, ਮਜੀਠੀਆ ਵੱਲੋਂ ਤਿੰਨ ਹੋਰ ਗਵਾਹ ਸ਼ਾਮਲ ਕਰਨ ਲਈ ਦਿੱਤੀ ਅਰਜ਼ੀ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਇਸ ਨਾਲ ਹੁਣ ਲੁਧਿਆਣਾ ਅਦਾਲਤ ਵਿੱਚ ਟ੍ਰਾਇਲ ਦੁਬਾਰਾ ਸ਼ੁਰੂ ਹੋਵੇਗਾ।

ਇਹ ਮਾਮਲਾ 2015-16 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇ ਦੌਰਾਨ ਦਾ ਹੈ, ਜਦੋਂ ‘ਆਪ’ ਆਗੂਆਂ ਨੇ ਅਕਾਲੀ ਦਲ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਲਗਾਏ ਸਨ। ਮੋਗਾ ਵਿੱਚ ਇੱਕ ਰੈਲੀ ਦੌਰਾਨ ਸੰਜੇ ਸਿੰਘ ਨੇ ਬਿਕਰਮ ਮਜੀਠੀਆ ਨੂੰ “ਡਰੱਗ ਡੀਲਰ” ਕਰਾਰ ਦਿੰਦਿਆਂ ਨਸ਼ੇ ਦੇ ਵਪਾਰ ਨਾਲ ਜੋੜਿਆ ਸੀ।

ਉਨ੍ਹਾਂ ਕਿਹਾ ਸੀ ਕਿ ਜੇ ‘ਆਪ’ ਸੱਤਾ ਵਿੱਚ ਆਉਂਦੀ ਹੈ ਤਾਂ ਅਜਿਹੇ ਭ੍ਰਿਸ਼ਟ ਆਗੂਆਂ ਨੂੰ ਜੇਲ੍ਹ ਭੇਜਿਆ ਜਾਵੇਗਾ। ਮਜੀਠੀਆ ਨੇ ਇਨ੍ਹਾਂ ਬਿਆਨਾਂ ਨੂੰ ਬਿਨਾਂ ਸਬੂਤਾਂ ਦੇ ਮਾਣਹਾਨੀ ਕਰਾਰ ਦਿੰਦਿਆਂ ਜਨਵਰੀ 2016 ਵਿੱਚ ਲੁਧਿਆਣਾ ਦੀ ਅਦਾਲਤ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 499 ਅਤੇ 500 ਹੇਠ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ।

Leave a Reply

Your email address will not be published. Required fields are marked *