
ਗੁਰਦਾਸਪੁਰ ਦੋਹਰਾ ਕਤਲ ਕਾਂਡ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ
ਅੰਮ੍ਰਿਤਸਰ, 27 ਫਰਵਰੀ 2026: ਗੁਰਦਾਸਪੁਰ ਦੇ ਸਰਹੱਦੀ ਇਲਾਕੇ ਦੋਰੰਗਲਾ ਵਿੱਚ ਆਦੀਆਂ ਚੌਕੀ ‘ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਅਹਿਮ ਸਫਲਤਾ ਹਾਸਲ ਹੋਈ ਹੈ। ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਤਿੰਨ ਦੋਸ਼ੀਆਂ ਵਿੱਚੋਂ ਤੀਜੇ ਆਰੋਪੀ ਇੰਦਰਜੀਤ ਸਿੰਘ, ਜੋ ਲੰਮੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ, ਨੂੰ ਅੱਜ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਨਾਲ ਹੀ ਇਸ ਸਨਸਨੀਖੇਜ਼ ਦੋਹਰੇ ਕਤਲ ਮਾਮਲੇ ਵਿੱਚ ਸ਼ਾਮਲ ਤਿੰਨਾਂ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚੋਂ ਇੱਕ ਦੋਸ਼ੀ ਦੀ ਪੁਲਿਸ ਨਾਲ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ।
ਇਹ ਵਾਰਦਾਤ 21 ਫਰਵਰੀ ਦੀ ਰਾਤ ਨੂੰ ਵਾਪਰੀ ਸੀ, ਜਦੋਂ ਦੋਰੰਗਲਾ ਖੇਤਰ ਦੀ ਆਦੀਆਂ ਚੌਕੀ ‘ਤੇ ਡਿਊਟੀ ਕਰ ਰਹੇ ਪੁਲਿਸ ਕਰਮਚਾਰੀ ਗੁਰਨਾਮ ਸਿੰਘ ਅਤੇ ਅਸ਼ੋਕ ਕੁਮਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਤਿਆ ਕਰ ਦਿੱਤਾ ਸੀ। ਇਸ ਘਟਨਾ ਨਾਲ ਨਾ ਸਿਰਫ਼ ਜ਼ਿਲ੍ਹੇ ਵਿੱਚ ਹੜਕੰਪ ਮਚ ਗਿਆ ਸੀ, ਸਗੋਂ ਸੂਬੇ ਭਰ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਵੀ ਚਿੰਤਾ ਵਧ ਗਈ ਸੀ।
