Saturday, May 23Punjabi People

ਸੱਚ ਅਤੇ ਇਮਾਨਦਾਰੀ ਦੀ ਸ਼ਾਨਦਾਰ ਜਿੱਤ, ਅਦਾਲਤੀ ਫੈਸਲੇ ਨੇ ਤਾਨਾਸ਼ਾਹੀ ਤਾਕਤਾਂ ਨੂੰ ਕਰਾਰਾ ਜਵਾਬ ਦਿੱਤਾ: ਹਰਜੋਤ ਬੈਂਸ

ਚੰਡੀਗੜ੍ਹ, 27 ਫਰਵਰੀ 2026: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਸੱਚ ਅਤੇ ਇਮਾਨਦਾਰੀ ਦੀ ਇਤਿਹਾਸਕ ਜਿੱਤ ਵਜੋਂ ਯਾਦ ਰੱਖਿਆ ਜਾਵੇਗਾ।

ਮੰਤਰੀ ਬੈਂਸ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਦਾਲਤੀ ਫ਼ੈਸਲਾ ਸਾਬਤ ਕਰਦਾ ਹੈ ਕਿ ਜਾਂਚ ਏਜੰਸੀਆਂ ਕੋਲ ਕੋਈ ਪੱਕਾ ਸਬੂਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਵਿਰੋਧੀਆਂ ਵੱਲੋਂ 100 ਕਰੋੜ ਦੇ ਕਥਿਤ ਘੁਟਾਲੇ ਦਾ ਵੱਡਾ ਦਾਅਵਾ ਕੀਤਾ ਗਿਆ, ਪਰ ਹਕੀਕਤ ਵਿੱਚ ਇੱਕ ਪੈਸਾ ਵੀ ਬਰਾਮਦ ਨਹੀਂ ਹੋਇਆ। ਇਸ ਨਾਲ ਇਹ ਗੱਲ ਸਪਸ਼ਟ ਹੋ ਗਈ ਕਿ ਪੂਰਾ ਮਾਮਲਾ ਅਰਵਿੰਦ ਕੇਜਰੀਵਾਲ ਦੀ ਵਧ ਰਹੀ ਲੋਕਪ੍ਰਿਯਤਾ ਨੂੰ ਰੋਕਣ ਲਈ ਰਚਿਆ ਗਿਆ ਸਿਆਸੀ ਜਾਲ ਸੀ। ਜਾਂਚ ਏਜੰਸੀਆਂ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ ਗਿਆ, ਜੋ ਅੱਜ ਅਦਾਲਤ ਦੇ ਫ਼ੈਸਲੇ ਨਾਲ ਬੇਨਕਾਬ ਹੋ ਗਿਆ ਹੈ।

ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ‘ਤੇ ਤਿੱਖੀ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਨੂੰ ਦੋ ਸਾਲ ਅਤੇ ਅਰਵਿੰਦ ਕੇਜਰੀਵਾਲ ਨੂੰ ਛੇ ਮਹੀਨੇ ਤੱਕ ਜੇਲ੍ਹ ਵਿੱਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਵੀ ਨਹੀਂ ਸੋਚਿਆ ਗਿਆ ਕਿ ਮਨੀਸ਼ ਸਿਸੋਦੀਆ ਦੀ ਪਤਨੀ ਗੰਭੀਰ ਬਿਮਾਰੀ ਨਾਲ ਲੜ ਰਹੀ ਸੀ ਅਤੇ ਅਰਵਿੰਦ ਕੇਜਰੀਵਾਲ ਸ਼ੂਗਰ ਦੇ ਮਰੀਜ਼ ਹਨ। ਰਾਜਨੀਤੀ ਆਪਣੀ ਜਗ੍ਹਾ ਹੈ, ਪਰ ਵਿਰੋਧੀਆਂ ਨੇ ਮਨੁੱਖਤਾ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਅਦਾਲਤ ਦੇ ਅੱਜ ਦੇ ਫ਼ੈਸਲੇ ਨੇ ਐਸੀ ਤਾਕਤਾਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਮੰਤਰੀ ਬੈਂਸ ਨੇ ਕਿਹਾ ਕਿ ਦੇਸ਼ ਦੇ ਲੋਕ ਹੁਣ ਸਮਝ ਗਏ ਹਨ ਕਿ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਵਿਕਾਸ ਅਤੇ ਕੰਮ ‘ਤੇ ਆਧਾਰਿਤ ਹੈ। ਸਰਕਾਰੀ ਸਕੂਲਾਂ ਵਿੱਚ ਸੁਧਾਰ ਅਤੇ ਉੱਚ ਮਿਆਰੀ ਹਸਪਤਾਲਾਂ ਦੀ ਸਥਾਪਨਾ ਹੀ ਉਹ ਕਾਰਜ ਸਨ, ਜਿਨ੍ਹਾਂ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਰ ਗੁਰੂ ਸਾਹਿਬ ਦੀ ਮੇਹਰ ਨਾਲ ਅਖੀਰਕਾਰ ਸੱਚ ਦੀ ਜਿੱਤ ਹੋਈ।

ਆਉਣ ਵਾਲੀਆਂ ਚੋਣਾਂ ਬਾਰੇ ਗੱਲ ਕਰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਇਹ ਫ਼ੈਸਲਾ ਭਵਿੱਖ ਲਈ ਸਕਾਰਾਤਮਕ ਸੰਕੇਤ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ 2022 ਦੇ ਨਤੀਜਿਆਂ ਤੋਂ ਵੀ ਵੱਡੀ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਜਨਤਾ ਹਰ ਜ਼ੁਲਮ ਦਾ ਜਵਾਬ ਵੋਟ ਰਾਹੀਂ ਦੇਵੇਗੀ। ਨਾਲ ਹੀ ਉਨ੍ਹਾਂ ਭਰੋਸਾ ਜਤਾਇਆ ਕਿ 2029 ਵਿੱਚ ਦੇਸ਼ ਦੀ ਕਮਾਨ ਅਰਵਿੰਦ ਕੇਜਰੀਵਾਲ ਦੇ ਹੱਥ ਹੋਵੇਗੀ ਅਤੇ ਭਾਰਤ ਨੂੰ ਦਿੱਲੀ-ਪੰਜਾਬ ਮਾਡਲ ਦੇ ਆਧਾਰ ‘ਤੇ ਨਵੀਆਂ ਉਚਾਈਆਂ ਵੱਲ ਲੈ ਜਾਇਆ ਜਾਵੇਗਾ।

Leave a Reply

Your email address will not be published. Required fields are marked *