
ਚੰਡੀਗੜ੍ਹ, 29 ਅਪ੍ਰੈਲ 2026: ਪੰਜਾਬ ਸਰਕਾਰ ਵੱਲੋਂ 2026-27 ਦੇ ਝੋਨਾ ਸੀਜ਼ਨ ਲਈ ਸੂਬੇ ਵਿੱਚ ਝੋਨੇ ਦੀ ਬਿਜਾਈ ਅਤੇ ਲੁਆਈ ਸਬੰਧੀ ਤਾਰੀਖਾਂ ਦਾ ਅਧਿਕਾਰਕ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਹ ਫੈਸਲਾ ਭੂ-ਜਲ ਪੱਧਰ ਨੂੰ ਬਚਾਉਣ ਅਤੇ ਪਾਣੀ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ ਦੇ ਮੱਦੇਨਜ਼ਰ ਲਿਆ ਹੈ। ਇਸ ਵਾਰ ਵੀ ਪੰਜਾਬ ਨੂੰ ਵੱਖ-ਵੱਖ ਜ਼ੋਨਾਂ ਵਿੱਚ ਵੰਡ ਕੇ ਪੜਾਅਵਾਰ ਢੰਗ ਨਾਲ ਝੋਨੇ ਦੀ ਲੁਆਈ ਕਰਵਾਈ ਜਾਵੇਗੀ ਤਾਂ ਜੋ ਬਿਜਲੀ ਅਤੇ ਪਾਣੀ ’ਤੇ ਇਕੱਠੇ ਪੈਣ ਵਾਲੇ ਦਬਾਅ ਨੂੰ ਘਟਾਇਆ ਜਾ ਸਕੇ।
ਸਰਕਾਰ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ (Direct Seeding of Rice-DSR) 15 ਮਈ ਤੋਂ 31 ਮਈ ਤੱਕ ਕੀਤੀ ਜਾ ਸਕੇਗੀ। ਕਿਸਾਨਾਂ ਨੂੰ ਪਾਣੀ ਦੀ ਬਚਤ ਲਈ ਸਿੱਧੀ ਬਿਜਾਈ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਤਰੀਕੇ ਨਾਲ ਘੱਟ ਪਾਣੀ ਦੀ ਲੋੜ ਪੈਂਦੀ ਹੈ ਅਤੇ ਖਰਚੇ ਵਿੱਚ ਵੀ ਕਮੀ ਆਉਂਦੀ ਹੈ।
ਉੱਥੇ ਹੀ ਕੱਦੂ ਕਰਕੇ ਝੋਨੇ ਦੀ ਲੁਆਈ (Transplanting) ਲਈ ਜ਼ਿਲ੍ਹਾ-ਵਾਰ ਤਾਰੀਖਾਂ ਨਿਰਧਾਰਤ ਕੀਤੀਆਂ ਗਈਆਂ ਹਨ। ਪਹਿਲੇ ਪੜਾਅ ਤਹਿਤ 1 ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਰੂਪਨਗਰ (ਰੋਪੜ), ਮੋਹਾਲੀ, ਤਰਨ ਤਾਰਨ, ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਲੁਆਈ ਸ਼ੁਰੂ ਹੋਵੇਗੀ।
ਦੂਜੇ ਪੜਾਅ ਵਿੱਚ 5 ਜੂਨ ਤੋਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਦੀ ਆਗਿਆ ਹੋਵੇਗੀ।
ਤੀਜੇ ਪੜਾਅ ਤਹਿਤ 9 ਜੂਨ ਤੋਂ ਲੁਧਿਆਣਾ, ਮਾਲੇਰਕੋਟਲਾ, ਮੋਗਾ, ਮਾਨਸਾ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਪਟਿਆਲਾ, ਸੰਗਰੂਰ, ਬਰਨਾਲਾ ਅਤੇ ਜਲੰਧਰ ਵਿੱਚ ਝੋਨੇ ਦੀ ਲੁਆਈ ਸ਼ੁਰੂ ਕੀਤੀ ਜਾਵੇਗੀ।
ਸਰਕਾਰ ਦਾ ਮੰਨਣਾ ਹੈ ਕਿ ਪੜਾਅਵਾਰ ਢੰਗ ਨਾਲ ਲੁਆਈ ਕਰਵਾਉਣ ਨਾਲ ਬਿਜਲੀ ਦੀ ਮੰਗ ਨੂੰ ਸੰਤੁਲਿਤ ਰੱਖਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਡਿੱਗਣ ਤੋਂ ਵੀ ਰੋਕਿਆ ਜਾ ਸਕੇਗਾ। ਇਸ ਦੇ ਨਾਲ ਹੀ, ਇਸ ਵਾਰ ਲੁਆਈ ਕੁਝ ਹੱਦ ਤੱਕ ਜਲਦੀ ਸ਼ੁਰੂ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਫਸਲ ਸਮੇਂ ਸਿਰ ਪੱਕ ਸਕੇ ਅਤੇ ਕਿਸਾਨਾਂ ਨੂੰ ਕਟਾਈ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
