Saturday, May 23Punjabi People

ਸਰਹੱਦ ਪਾਰੋਂ ਤਸਕਰੀ ਦੀ ਕੋਸ਼ਿਸ਼ ਨਾਕਾਮ; 6.5 ਕਿਲੋਗ੍ਰਾਮ ਹੈਰੋਇਨ ਬਰਾਮਦ

ਫਿਰੋਜ਼ਪੁਰ, 21 ਮਾਰਚ 2026:  ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨਾਲ ਸਾਂਝੀ ਕਾਰਵਾਈ ਕਰਦਿਆਂ ਫਾਜ਼ਿਲਕਾ ਦੇ ਪਿੰਡ ਮਹਿਤਮ ਨਗਰ ਨੇੜੇ ਬਾਰਡਰ ਆਊਟਪੋਸਟ ਜੀਜੀ-2 ਕੋਲੋਂ 6.5 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਸਰਹੱਦ ਪਾਰੋਂ ਹੋ ਰਹੀ ਇੱਕ ਵੱਡੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਬਣਾਇਆ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਤਸਕਰ ਜ਼ੀਰੋ ਲਾਈਨ ਪਾਰ ਕਰਕੇ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਤੱਕ ਪਹੁੰਚ ਗਏ ਸਨ ਅਤੇ ਹਨੇਰੇ ਦਾ ਫਾਇਦਾ ਚੁੱਕਦਿਆਂ ਨਸ਼ੀਲੇ ਪਦਾਰਥ ਭਾਰਤੀ ਹੱਦਾਂ ਵਿੱਚ ਸੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬੀਐੱਸਐੱਫ ਦੇ ਚੌਕਸ ਜਵਾਨਾਂ ਨੇ ਇਸ ਘੁਸਪੈਠ ਨੂੰ ਰੋਕਣ ਲਈ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਵਿਸਥਾਰਤ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਇਹ ਵੱਡੀ ਬਰਾਮਦਗੀ ਕੀਤੀ ਗਈ।

ਏਆਈਜੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲੀਸ ਅਤੇ ਬੀਐੱਸਐੱਫ ਫਾਜ਼ਿਲਕਾ ਵੱਲੋਂ ਸ਼ਨੀਵਾਰ ਸਵੇਰੇ ਪਿੰਡ ਮਹਿਤਮ ਨਗਰ ਇਲਾਕੇ ਵਿੱਚ ਸਾਂਝਾ ਆਪਰੇਸ਼ਨ ਕੀਤਾ ਗਿਆ, ਜਿੱਥੇ ਪਾਕਿਸਤਾਨੀ ਤਸਕਰ ਇਸ ਖੇਪ ਨੂੰ ਅੱਗੇ ਭੇਜਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਵਾਨਾਂ ਦੀ ਤੁਰੰਤ ਕਾਰਵਾਈ ਨਾਲ ਇਹ ਕੋਸ਼ਿਸ਼ ਨਾਕਾਮ ਰਹੀ ਅਤੇ ਮੌਕੇ ਤੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਕਬਜ਼ੇ ਵਿੱਚ ਲੈ ਲਈ ਗਈ।

ਉਨ੍ਹਾਂ ਇਹ ਵੀ ਕਿਹਾ ਕਿ ਪੂਰੇ ਤਸਕਰੀ ਜਾਲ ਦਾ ਪਰਦਾਫਾਸ਼ ਕਰਨ ਅਤੇ ਸਥਾਨਕ ਸਾਥੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ। ਇਸ ਸਬੰਧੀ ਥਾਣਾ ਐੱਸਐੱਸਓਸੀ ਫਾਜ਼ਿਲਕਾ ਵਿੱਚ ਐਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *