Saturday, May 23Punjabi People

ਭਾਜਪਾ ਪੰਜਾਬ ਵਿੱਚ ਸਾਰੀਆਂ ਸੀਟਾਂ ‘ਤੇ ਇਕੱਲੇ ਹੀ ਚੋਣ ਮੈਦਾਨ ਵਿੱਚ ਉਤਰੇਗੀ; ਨਿਤਿਨ ਨਬੀਨ

ਨਵੀਂ ਦਿੱਲੀ, 24 ਅਪ੍ਰੈਲ 2026:  ਭਾਜਪਾ ਨੇ ਪੰਜਾਬ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਪਾਰਟੀ ਸੂਬੇ ਵਿੱਚ ਸਾਰੀਆਂ ਸੀਟਾਂ ‘ਤੇ ਇਕੱਲੇ ਹੀ ਚੋਣ ਮੈਦਾਨ ਵਿੱਚ ਉਤਰੇਗੀ। ਸੂਬਾ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਅਕਾਲੀ ਦਲ ਨਾਲ ਕਿਸੇ ਵੀ ਗੱਠਜੋੜ ਦੀ ਸੰਭਾਵਨਾ ਨਹੀਂ ਹੈ ਅਤੇ ਭਾਜਪਾ 100 ਫੀਸਦੀ ਆਪਣੇ ਬਲਬੂਤੇ ‘ਤੇ ਚੋਣ ਲੜੇਗੀ।

ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਆਪ ਆਪਣੇ ਹੀ ਕੰਮਾਂ ਕਰਕੇ ਕਮਜ਼ੋਰ ਹੋ ਜਾਵੇਗੀ। ਉਨ੍ਹਾਂ ਭਗਵੰਤ ਮਾਨ ਸਰਕਾਰ ‘ਤੇ ਵੀ ਨਿਸ਼ਾਨਾ ਸਾਧਦਿਆਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।

ਨਿਤਿਨ ਨਬੀਨ ਨੇ ਕਿਹਾ ਕਿ ਭਾਜਪਾ ਆਪਣੀ ਮਜ਼ਬੂਤ ਸੰਗਠਨਾਤਮਕ ਢਾਂਚੇ ‘ਤੇ ਭਰੋਸਾ ਕਰਦਿਆਂ ਤੇਜ਼ੀ ਨਾਲ ਸੂਬੇ ਵਿੱਚ ਆਪਣਾ ਜਨ ਅਧਾਰ ਵਧਾ ਰਹੀ ਹੈ ਅਤੇ ਹੁਣ ਪੂਰੇ ਵਿਸ਼ਵਾਸ ਨਾਲ ਇਕੱਲੇ ਹੀ ਚੋਣ ਮੈਦਾਨ ਵਿੱਚ ਉਤਰੇਗੀ। ਉਨ੍ਹਾਂ ਦੇ ਅਨੁਸਾਰ, ਅਕਾਲੀ ਦਲ ਨਾਲ ਗੱਠਜੋੜ ਤੋਂ ਬਿਨਾਂ ਚੋਣ ਲੜਨ ਦਾ ਇਹ ਫੈਸਲਾ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਪ੍ਰਭਾਵ ਪਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਪਹਿਲਾਂ ਭਾਜਪਾ ਨੂੰ ਘੱਟ ਵੋਟਾਂ ਮਿਲੀਆਂ ਹੋਣ, ਪਰ ਪਾਰਟੀ ਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਹਮੇਸ਼ਾ ਯਤਨ ਕੀਤੇ ਹਨ। ਉਨ੍ਹਾਂ ਮੰਨਿਆ ਕਿ ਰਾਜਨੀਤਿਕ ਸੰਘਰਸ਼ਾਂ ਦੇ ਨਤੀਜੇ ਆਉਣ ਵਿੱਚ ਸਮਾਂ ਲੱਗ ਸਕਦਾ ਹੈ, ਪਰ 2027 ਦੀਆਂ ਚੋਣਾਂ ਵਿੱਚ ਭਾਜਪਾ ਇੱਕ ਨਵੇਂ ਅਤੇ ਮਜ਼ਬੂਤ ਰੂਪ ਵਿੱਚ ਸਾਹਮਣੇ ਆਏਗੀ।

ਨਿਤਿਨ ਨਬੀਨ ਨੇ ਦਾਅਵਾ ਕੀਤਾ ਕਿ ਭਾਜਪਾ ਹੁਣ ਪੰਜਾਬ ਵਿੱਚ ਇੱਕ ਨਵਾਂ ਰਾਜਨੀਤਿਕ ਅਧਿਆਇ ਲਿਖਣ ਲਈ ਤਿਆਰ ਹੈ ਅਤੇ ਲੋਕਾਂ ਦਾ ਭਰੋਸਾ ਜਿੱਤਣ ਲਈ ਪੂਰੀ ਤਰ੍ਹਾਂ ਕਮਰ ਕੱਸ ਚੁੱਕੀ ਹੈ।

Leave a Reply

Your email address will not be published. Required fields are marked *