
ਚੰਡੀਗੜ੍ਹ, 13 ਮਈ 2026: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅੱਜ ਦਿੱਲੀ ਦੌਰੇ ‘ਤੇ ਰਹੇ, ਜਿੱਥੇ ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਅਹਿਮ ਮੁਲਾਕਾਤ ਕੀਤੀ। ਦੋਵਾਂ ਆਗੂਆਂ ਵਿਚਾਲੇ ਇਹ ਮੀਟਿੰਗ ਕਰੀਬ 45 ਮਿੰਟ ਤੱਕ ਚੱਲੀ, ਜਿਸ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਕੇਂਦਰੀ ਮੰਤਰੀ ਵੱਲੋਂ ਪੰਜਾਬ ਨੂੰ ਖਾਦਾਂ ਦੀ ਨਿਰੰਤਰ ਸਪਲਾਈ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਖਾੜੀ ਖੇਤਰ ਵਿੱਚ ਚੱਲ ਰਹੇ ਤਣਾਅ ਕਾਰਨ ਕੁਝ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ, ਪਰ ਪੰਜਾਬ ਲਈ ਖਾਦਾਂ ਦੀ ਉਪਲਬਧਤਾ ‘ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਕੇਂਦਰੀ ਅਨਾਜ ਭੰਡਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ ਅਤੇ ਜਦੋਂ ਵੀ ਦੇਸ਼ ਨੂੰ ਅਨਾਜ ਸੰਕਟ ਜਾਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪੰਜਾਬ ਹਮੇਸ਼ਾ ਅਗਵਾਈ ਕਰਦਾ ਆਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਕੇਂਦਰੀ ਮੰਤਰੀ ਨੇ ਪੰਜਾਬ ਦੀਆਂ ਕਈ ਅਹਿਮ ਮੰਗਾਂ, ਖ਼ਾਸ ਕਰਕੇ ਫਸਲੀ ਵਿਭਿੰਨਤਾ ਨਾਲ ਜੁੜੇ ਮਸਲਿਆਂ ‘ਤੇ ਸਕਾਰਾਤਮਕ ਰੁਖ ਅਪਣਾਇਆ ਹੈ।
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਸਿਰਫ਼ ਇੱਕ ਸੂਬਾ ਨਹੀਂ, ਸਗੋਂ ਦੇਸ਼ ਦੀ ਖੁਰਾਕ ਸੁਰੱਖਿਆ ਦਾ ਮਜ਼ਬੂਤ ਅਧਾਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਸੰਕਟ ਸਮੇਂ ਪੰਜਾਬ ਨੇ ਸਭ ਤੋਂ ਪਹਿਲਾਂ ਅੱਗੇ ਆ ਕੇ ਆਪਣੀ ਭੂਮਿਕਾ ਨਿਭਾਈ ਹੈ, ਜਿਸ ਕਾਰਨ ਇਹ ਸੂਬਾ ਦੇਸ਼ ਦੇ ਮਾਣ ਅਤੇ ਸ਼ਾਨ ਦਾ ਪ੍ਰਤੀਕ ਬਣਿਆ ਹੋਇਆ ਹੈ।
ਚੌਹਾਨ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਕਈ ਮੁੱਦਿਆਂ ‘ਤੇ ਸਕਾਰਾਤਮਕ, ਹੱਲ-ਕੇਂਦਰਿਤ ਅਤੇ ਅਰਥਪੂਰਨ ਚਰਚਾ ਹੋਈ, ਜਿਨ੍ਹਾਂ ਵਿੱਚ ਸਭ ਤੋਂ ਅਹਿਮ ਵਿਸ਼ਾ ਫਸਲੀ ਵਿਭਿੰਨਤਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਉਪਜਾਊ ਧਰਤੀ ਚੌਲਾਂ ਦੇ ਬਦਲ ਵਜੋਂ ਹੋਰ ਕਈ ਫਸਲਾਂ ਲਈ ਉਚਿਤ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਪਾਣੀ ਦੀ ਘਾਟ ਅਤੇ ਜ਼ਮੀਨ ਦੇ ਨੁਕਸਾਨ ਤੋਂ ਬਚਾਉਣ ਲਈ ਵਿਕਲਪੀ ਖੇਤੀ ਮਾਡਲਾਂ ਨੂੰ ਉਤਸ਼ਾਹਿਤ ਕੀਤਾ ਜਾਵੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਮਾਰੂਥਲੀਕਰਨ ਵੱਲ ਵਧਣ ਤੋਂ ਰੋਕਣਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ “ਪੰਜ ਪਾਣੀਆਂ” ਦੀ ਧਰਤੀ ਪੰਜਾਬ ਨੂੰ ਆਪਣੇ ਨਾਮ ਅਨੁਸਾਰ ਪਾਣੀ-ਸਮ੍ਰਿੱਧ ਬਣਾਈ ਰੱਖਣ ਲਈ ਜਲ ਸੰਭਾਲ ਵੱਲ ਗੰਭੀਰ ਕਦਮ ਚੁੱਕਣੇ ਲਾਜ਼ਮੀ ਹਨ। ਇਸ ਮਾਮਲੇ ‘ਤੇ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਪੂਰੀ ਸਹਿਮਤੀ ਹੈ ਅਤੇ ਦੋਵੇਂ ਮਿਲ ਕੇ ਅੱਗੇ ਵਧਣਗੇ।
