
ਫਤਹਿਗੜ੍ਹ ਸਾਹਿਬ, 28 ਮਾਰਚ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਫਤਹਿਗੜ੍ਹ ਸਾਹਿਬ ਦਾ ਰੂਪ ਨਿਖਾਰਨ ਲਈ ਵਚਨਬੱਧ ਹੈ। ਇਥੇ ਆਯੋਜਿਤ ਇਕ ਸਮਾਗਮ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਸੀਨੀਅਰ ਆਗੂ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਅਮਨ ਅਰੋੜਾ, ਡਾ. ਬਲਬੀਰ ਸਿੰਘ, ਤਰੁਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ, ਗੁਰਮੀਤ ਸਿੰਘ ਖੁੱਡੀਆਂ, ਡਾ. ਰਵਜੋਤ, ਹਰਭਜਨ ਸਿੰਘ ਈਟੀਓ, ਮਹਿੰਦਰ ਭਗਤ ਅਤੇ ਵਿਧਾਇਕ ਲਖਵੀਰ ਰਾਏ, ਰੁਪਿੰਦਰ ਸਿੰਘ ਹੈਪੀ ਤੇ ਗੈਰੀ ਬੜਿੰਗ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਕਿ 41.22 ਕਰੋੜ ਰੁਪਏ ਦੀ ਲਾਗਤ ਨਾਲ ਦੋ ਵੱਡੇ ਸਿੰਚਾਈ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ, ਤਾਂ ਜੋ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਸੁਚੱਜੇ ਤਰੀਕੇ ਨਾਲ ਪਹੁੰਚ ਸਕੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ 1ਐੱਲ ਡਿਸਟ੍ਰੀਬਿਊਟਰੀ, ਸੰਗਤਪੁਰਾ ਮਾਈਨਰ, ਰੀਠਖੇੜੀ ਮਾਈਨਰ ਅਤੇ ਚਲੀਲਾ ਸਬ ਮਾਈਨਰ ਦੀ ਕੰਕਰੀਟ ਲਾਈਨਿੰਗ ਸ਼ਾਮਲ ਹੈ। ਪਹਿਲਾਂ ਘੱਟ ਸਮਰੱਥਾ ਕਾਰਨ ਵਾਧੂ ਪਾਣੀ ਹਰਿਆਣਾ ਵੱਲ ਵਗ ਜਾਂਦਾ ਸੀ, ਜਿਸ ਨਾਲ ਪੰਜਾਬ ਦੇ ਖੇਤਾਂ ਨੂੰ ਨੁਕਸਾਨ ਹੁੰਦਾ ਸੀ। ਹੁਣ ਯਕੀਨੀ ਬਣਾਇਆ ਜਾਵੇਗਾ ਕਿ ਦਰਿਆਈ ਪਾਣੀ ਦੀ ਹਰ ਬੂੰਦ ਪੰਜਾਬ ਦੇ ਖੇਤਾਂ ਤੱਕ ਪਹੁੰਚੇ, ਜਿਸ ਨਾਲ ਕਰੀਬ 70 ਪਿੰਡਾਂ ਦੇ 41,726 ਏਕੜ ਰਕਬੇ ਨੂੰ ਲਾਭ ਹੋਵੇਗਾ।
ਮੁੱਖ ਮੰਤਰੀ ਨੇ ਤਕਨੀਕੀ ਸੁਧਾਰਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 1ਐੱਲ ਡਿਸਟ੍ਰੀਬਿਊਟਰੀ ਦੀ ਸਮਰੱਥਾ 95.5 ਕਿਊਸਿਕ ਤੋਂ ਵਧਾ ਕੇ 142.91 ਕਿਊਸਿਕ ਕੀਤੀ ਜਾਵੇਗੀ। ਸੰਗਤਪੁਰਾ ਮਾਈਨਰ ਦੀ ਸਮਰੱਥਾ 17 ਤੋਂ ਵਧ ਕੇ 30.74 ਕਿਊਸਿਕ, ਰੀਠਖੇੜੀ ਮਾਈਨਰ ਦੀ 49.70 ਤੋਂ 73.69 ਕਿਊਸਿਕ ਅਤੇ ਚਲੀਲਾ ਸਬ ਮਾਈਨਰ ਦੀ 18.80 ਤੋਂ ਵਧਾ ਕੇ 31.27 ਕਿਊਸਿਕ ਤੱਕ ਕੀਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਇਹ ਨਹਿਰ 1960 ਵਿੱਚ ਭਾਖੜਾ ਮੇਨ ਲਾਈਨ ਤੋਂ ਨਿਕਲੀ ਸੀ, ਪਰ ਸਮੇਂ ਦੇ ਨਾਲ ਢਾਂਚਾਗਤ ਖਰਾਬੀ ਕਾਰਨ ਇਸ ਦੀ ਕਾਰਗੁਜ਼ਾਰੀ ਘਟ ਗਈ ਸੀ। ਹੁਣ ਕੰਕਰੀਟ ਲਾਈਨਿੰਗ ਨਾਲ ਇਸ ਦੀ ਸਮਰੱਥਾ ਲਗਭਗ ਡੇਢ ਗੁਣਾ ਵਧੇਗੀ। ਇਸ ਤੋਂ ਇਲਾਵਾ, ਰੀਠਖੇੜੀ ਅਤੇ ਚਲੀਲਾ ਮਾਈਨਰ ਦੇ 21,000 ਫੁੱਟ ਲੰਬੇ ਬੰਦ ਪਏ ਹਿੱਸਿਆਂ ਨੂੰ ਮੁੜ ਚਾਲੂ ਕੀਤਾ ਗਿਆ ਹੈ, ਜਿਸ ਨਾਲ ਹੋਰ 6,534 ਏਕੜ ਜ਼ਮੀਨ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਸਾਲ 2022 ਤੋਂ ਹੁਣ ਤੱਕ ਲਗਭਗ 11,477 ਏਕੜ ਜ਼ਮੀਨ ਨੂੰ ਨਹਿਰੀ ਸਿੰਚਾਈ ਦੇ ਅਧੀਨ ਲਿਆ ਜਾ ਚੁੱਕਾ ਹੈ। ਇਸ ਮੌਕੇ ‘ਆਪ’ ਆਗੂ ਗੁਰਵਿੰਦਰ ਸਿੰਘ ਢਿੱਲੋਂ, ਰਸ਼ਪਿੰਦਰ ਸਿੰਘ ਰਾਜਾ, ਅਜੈ ਲਿਬੜਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
