Saturday, May 23Punjabi People

ਪੰਜਾਬ ਵਿੱਚ ਫਸਲ ਦੀ ਕਟਾਈ ਦਾ ਲਗਭਗ 50 ਫੀਸਦੀ ਕੰਮ ਪੂਰਾ

ਚੰਡੀਗੜ੍ਹ, 21 ਅਪ੍ਰੈਲ 2026:  ਪੰਜਾਬ ਵਿੱਚ ਕਣਕ ਦੀ ਵਾਢੀ ਦਾ ਕੰਮ ਲਗਭਗ ਅੱਧਾ ਪੂਰਾ ਹੋ ਚੁੱਕਾ ਹੈ। ਮੁੱਢਲੇ ਅਨੁਮਾਨਾਂ ਮੁਤਾਬਕ ਇਸ ਵਾਰ ਕਣਕ ਦਾ ਝਾੜ ਘਟਿਆ ਹੈ, ਜਿਸਦਾ ਮੁੱਖ ਕਾਰਨ ਮੀਂਹ ਅਤੇ ਗੜੇਮਾਰੀ ਨਾਲ ਫ਼ਸਲਾਂ ਨੂੰ ਪਹੁੰਚੀ ਸੱਟ ਹੈ। ਖੇਤੀਬਾੜੀ ਵਿਭਾਗ ਦੇ ਅਨੁਸਾਰ, ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਏਕੜ ਔਸਤ ਇੱਕ ਕੁਇੰਟਲ ਝਾੜ ਘਟਿਆ ਹੈ, ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਘਾਟਾ ਡੇਢ ਤੋਂ ਦੋ ਕੁਇੰਟਲ ਪ੍ਰਤੀ ਏਕੜ ਤੱਕ ਹੈ। ਕੇਂਦਰ ਸਰਕਾਰ ਵੱਲੋਂ ਖ਼ਰੀਦ ਮਾਪਦੰਡਾਂ ਵਿੱਚ ਦਿੱਤੀ ਛੂਟ ਨਾਲ ਖ਼ਰੀਦ ਦੀ ਰਫ਼ਤਾਰ ਵਧੀ ਹੈ, ਪਰ ਘਟੇ ਝਾੜ ਕਾਰਨ ਕਿਸਾਨਾਂ ਨੂੰ ਪ੍ਰਤੀ ਏਕੜ 6 ਤੋਂ 7 ਹਜ਼ਾਰ ਰੁਪਏ ਤੱਕ ਦਾ ਨੁਕਸਾਨ ਝੱਲਣਾ ਪਿਆ ਹੈ।

ਇਸ ਸੀਜ਼ਨ ਵਿੱਚ ਲਗਭਗ 35 ਲੱਖ ਹੈਕਟੇਅਰ ਖੇਤਰ ਵਿੱਚ ਕਣਕ ਦੀ ਬਿਜਾਈ ਹੋਈ ਸੀ ਅਤੇ ਪੰਜਾਬ ਸਰਕਾਰ ਨੇ 122 ਲੱਖ ਮੈਟਰਿਕ ਟਨ ਖ਼ਰੀਦ ਦਾ ਟੀਚਾ ਰੱਖਿਆ ਹੈ। ਹੁਣ ਤੱਕ ਸੂਬੇ ਵਿੱਚ ਕਰੀਬ 48 ਫ਼ੀਸਦੀ ਵਾਢੀ ਹੋ ਚੁੱਕੀ ਹੈ, ਜਦਕਿ ਪਿਛਲੇ ਸਾਲ ਇਸੇ ਸਮੇਂ ਤੱਕ ਸਿਰਫ਼ 25 ਫ਼ੀਸਦੀ ਹੀ ਵਾਢੀ ਹੋਈ ਸੀ। ਜ਼ਿਲ੍ਹਾ ਮਾਨਸਾ ਵਿੱਚ 93 ਫ਼ੀਸਦੀ, ਸੰਗਰੂਰ ਵਿੱਚ 89 ਫ਼ੀਸਦੀ, ਮੁਕਤਸਰ ਵਿੱਚ 82 ਫ਼ੀਸਦੀ ਅਤੇ ਬਰਨਾਲਾ ਵਿੱਚ 80 ਫ਼ੀਸਦੀ ਵਾਢੀ ਮੁਕੰਮਲ ਹੋ ਚੁੱਕੀ ਹੈ। ਦੂਜੇ ਪਾਸੇ ਫ਼ਾਜ਼ਿਲਕਾ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਇਹ ਦਰ 10 ਫ਼ੀਸਦੀ ਤੋਂ ਵੀ ਘੱਟ ਹੈ।

ਖੇਮਕਰਨ ਦੇ ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਬਾਰਿਸ਼ਾਂ ਕਾਰਨ ਕਈ ਖੇਤਰਾਂ ਵਿੱਚ ਵਾਢੀ ਦੀ ਗਤੀ ਹੌਲੀ ਰਹੀ ਹੈ, ਹਾਲਾਂਕਿ ਝਾੜ ‘ਤੇ ਵੱਡਾ ਅਸਰ ਨਹੀਂ ਪਿਆ। ਮਾਝਾ ਖੇਤਰ ਵਿੱਚ ਵਾਢੀ ਦੇਰ ਨਾਲ ਹੋ ਰਹੀ ਹੈ। ਮਾਰਚ ਦੇ ਅਖੀਰ ਅਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਹੋਈ ਬਾਰਿਸ਼ ਅਤੇ ਗੜੇਮਾਰੀ ਕਾਰਨ ਫ਼ਾਜ਼ਿਲਕਾ ਵਿੱਚ ਪ੍ਰਤੀ ਹੈਕਟੇਅਰ ਲਗਭਗ 5.39 ਕੁਇੰਟਲ ਅਤੇ ਮੁਕਤਸਰ ਵਿੱਚ ਕਰੀਬ 5 ਕੁਇੰਟਲ ਝਾੜ ਘਟਿਆ ਹੈ। ਸਮੂਹਿਕ ਤੌਰ ‘ਤੇ ਸੂਬੇ ਦਾ ਔਸਤ ਝਾੜ 20.42 ਕੁਇੰਟਲ ਪ੍ਰਤੀ ਏਕੜ ਅੰਕਿਆ ਗਿਆ ਹੈ, ਜਦਕਿ ਪਿਛਲੇ ਸਾਲ ਇਹ 21.52 ਕੁਇੰਟਲ ਸੀ।

ਫ਼ਾਜ਼ਿਲਕਾ ਦੇ ਪਿੰਡ ਕਿਲਿਆਂਵਾਲੀ ਦੇ ਕਿਸਾਨ ਮੋਹਨ ਸਿੰਘ ਜਾਖੜ ਨੇ ਕਿਹਾ ਕਿ ਅਗੇਤੀ ਕਣਕ ‘ਤੇ ਵੱਧ ਅਸਰ ਪਿਆ ਹੈ। ਮਾਨਸਾ ਦੇ ਝੁਨੀਰ ਖੇਤਰ ਵਿੱਚ ਵੀ ਕਈ ਪਿੰਡਾਂ ਵਿੱਚ ਝਾੜ ਘਟਿਆ ਹੈ। ਭੀਖੀ ਨੇੜਲੇ ਪਿੰਡ ਗੁਰਨੇ ਕਲਾਂ ਦੇ ਕਿਸਾਨ ਦਰਸ਼ਨ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਝਾੜ ਘਟਿਆ ਹੈ, ਪਰ ਹਾਲੇ ਵੀ 50 ਮਣ ਤੋਂ ਵੱਧ ਝਾੜ ਮਿਲ ਰਿਹਾ ਹੈ। ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਮੁਤਾਬਕ ਬੇਮੌਸਮੀ ਬਾਰਿਸ਼ ਨਾਲ ਦਾਣੇ ਸੁੱਕੜ ਜਾਣ ਕਾਰਨ ਉਪਜ ‘ਤੇ ਨਕਾਰਾਤਮਕ ਅਸਰ ਪਿਆ ਹੈ। ਬਠਿੰਡਾ ਵਿੱਚ ਪ੍ਰਤੀ ਹੈਕਟੇਅਰ ਕਰੀਬ 5 ਕੁਇੰਟਲ ਅਤੇ ਮੋਗਾ ਵਿੱਚ ਲਗਭਗ 3 ਕੁਇੰਟਲ ਝਾੜ ਘਟਣ ਦੀ ਜਾਣਕਾਰੀ ਸਾਹਮਣੇ ਆਈ ਹੈ।

Leave a Reply

Your email address will not be published. Required fields are marked *