
ਚੰਡੀਗੜ੍ਹ, 22 ਅਪ੍ਰੈਲ 2026: ਪੰਜਾਬ ਦੇ ਸਭ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ, 24 ਅਪ੍ਰੈਲ ਨੂੰ ਰਾਤ 8 ਵਜੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਖਾਸ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਇਸ ਅਭਿਆਸ ਦਾ ਮਕਸਦ ਸਿਵਲ ਡਿਫੈਂਸ ਦੀਆਂ ਤਿਆਰੀਆਂ ਦੀ ਜਾਂਚ ਕਰਨਾ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਜਾਂ ਹਵਾਈ ਹਮਲੇ ਵਰਗੀ ਸਥਿਤੀ ਵਿੱਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਇਹ ਡਰਿੱਲ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਪਾਈਟੈਕਸ ਗਰਾਊਂਡ ਅਤੇ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਮੇਤ ਹੋਰ ਚੁਣਿੰਦੇ ਇਲਾਕਿਆਂ ਵਿੱਚ ਰਾਤ 8:00 ਤੋਂ 8:15 ਵਜੇ ਤੱਕ ਹੋਵੇਗੀ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗਾਂ ਕਰਕੇ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।
ਡਰਿੱਲ ਦੀ ਸ਼ੁਰੂਆਤ ਤੋਂ ਪਹਿਲਾਂ ਰਾਤ 7:55 ਵਜੇ ਸਾਇਰਨ ਵਜਾ ਕੇ ਲੋਕਾਂ ਨੂੰ ਸਚੇਤ ਕੀਤਾ ਜਾਵੇਗਾ ਅਤੇ ਜਨਤਕ ਐਲਾਨ ਕੀਤੇ ਜਾਣਗੇ। ਰਾਤ 8 ਵਜੇ ਹਵਾਈ ਹਮਲੇ ਦੀ ਚੇਤਾਵਨੀ ਦੇ ਸੰਕੇਤ ਨਾਲ ਹੀ ਸੰਬੰਧਤ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਅਤੇ ਕਾਰੋਬਾਰੀ ਸਥਾਨਾਂ ਦੀਆਂ ਸਾਰੀਆਂ ਲਾਈਟਾਂ ਬੰਦ ਰੱਖ ਕੇ ਇਸ ਅਭਿਆਸ ਵਿੱਚ ਸਹਿਯੋਗ ਦੇਣ।
ਇਸ 15 ਮਿੰਟ ਦੇ ਅਭਿਆਸ ਦੌਰਾਨ NDRF, ਫਾਇਰ ਬ੍ਰਿਗੇਡ, ਨਗਰ ਨਿਗਮ, ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਮਿਲ ਕੇ ਰਾਹਤ ਕਾਰਜਾਂ ਦੀ ਰਿਹਰਸਲ ਕੀਤੀ ਜਾਵੇਗੀ। ਇਸ ਵਿੱਚ ਅੱਗ ਬੁਝਾਉਣ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ, ਪਹਿਲੀ ਸਹਾਇਤਾ ਮੁਹੱਈਆ ਕਰਵਾਉਣ ਅਤੇ ਟ੍ਰੈਫਿਕ ਨਿਯੰਤਰਣ ਵਰਗੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ। ਅਭਿਆਸ ਦੇ ਅੰਤ ‘ਤੇ ਦੋ ਮਿੰਟ ਲਈ ਲਗਾਤਾਰ ਸਾਇਰਨ ਵਜਾ ਕੇ ਇਹ ਸੰਕੇਤ ਦਿੱਤਾ ਜਾਵੇਗਾ ਕਿ ਸਥਿਤੀ ਹੁਣ ਸੁਰੱਖਿਅਤ ਹੈ।
ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀਆਂ ਮੌਕ ਡਰਿੱਲਾਂ ਪਿਛਲੇ ਸਾਲ ਵੀ ਪੰਜਾਬ ਸਮੇਤ ਹੋਰ ਸਰਹੱਦੀ ਸੂਬਿਆਂ ਵਿੱਚ ਕਰਵਾਈਆਂ ਗਈਆਂ ਸਨ। ਇਨ੍ਹਾਂ ਦਾ ਉਦੇਸ਼ ਲੋਕਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਆਪਣੀ ਸੁਰੱਖਿਆ ਬਾਰੇ ਸਚੇਤ ਕਰਨਾ ਅਤੇ ਬੰਕਰਾਂ ਵਰਗੀਆਂ ਸੁਰੱਖਿਅਤ ਥਾਵਾਂ ਦੀ ਵਰਤੋਂ ਬਾਰੇ ਜਾਣਕਾਰੀ ਦੇਣਾ ਹੈ। ‘ਆਪਰੇਸ਼ਨ ਸ਼ੀਲਡ’ ਤਹਿਤ ਜੰਮੂ-ਕਸ਼ਮੀਰ, ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਿੱਚ ਵੀ ਅਜਿਹੇ ਅਭਿਆਸ ਕੀਤੇ ਗਏ ਸਨ।
ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਡਰਿੱਲ ਦੌਰਾਨ ਹਸਪਤਾਲਾਂ ਅਤੇ ਪਾਣੀ ਦੀ ਸਪਲਾਈ ਵਰਗੀਆਂ ਜ਼ਰੂਰੀ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣਗੀਆਂ।
