
ਚੰਡੀਗੜ੍ਹ, 17 ਮਾਰਚ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਆਯੋਜਿਤ ਸੂਬਾ ਪੱਧਰੀ ਸਿਹਤ ਜਾਂਚ ਕੈਂਪਾਂ ਦੌਰਾਨ ਲਗਭਗ 37 ਹਜ਼ਾਰ ਬਜ਼ੁਰਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਾਂਝੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਆਪਣੀ ਅਮੂਲ ਧਰੋਹਰ ਸਮਝਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ, ਸਨਮਾਨ ਅਤੇ ਭਲਾਈ ਸਰਕਾਰ ਦੀਆਂ ਸਭ ਤੋਂ ਮਹੱਤਵਪੂਰਨ ਤਰਜੀਹਾਂ ਵਿੱਚ ਸ਼ਾਮਲ ਹਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗ ਸਾਡੇ ਪਰਿਵਾਰਾਂ ਅਤੇ ਸਮਾਜ ਦੀ ਮਜ਼ਬੂਤ ਨੀਂਹ ਹਨ ਅਤੇ ਉਨ੍ਹਾਂ ਦਾ ਅਨੁਭਵ ਨਵੀਂ ਪੀੜ੍ਹੀ ਲਈ ਮਾਰਗਦਰਸ਼ਕ ਸਾਬਤ ਹੁੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਜ਼ੁਰਗਾਂ ਨੂੰ ਇਜ਼ਤ, ਸੰਭਾਲ ਅਤੇ ਆਪਣੇਪਣ ਨਾਲ ਜੀਵਨ ਬਤੀਤ ਕਰਨ ਲਈ ਸੁਚੱਜਾ ਮਾਹੌਲ ਮੁਹੱਈਆ ਕਰਵਾਉਣਾ ਸਰਕਾਰ ਅਤੇ ਸਮਾਜ ਦੋਵਾਂ ਦੀ ਨੈਤਿਕ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ, “ਇਨ੍ਹਾਂ ਉਪਰਾਲਿਆਂ ਰਾਹੀਂ ਅਸੀਂ ਬਜ਼ੁਰਗਾਂ ਦੇ ਨਾਲ ਹਰ ਪੜਾਅ ‘ਤੇ ਖੜ੍ਹੇ ਰਹਿਣ ਦੀ ਆਪਣੀ ਵਚਨਬੱਧਤਾ ਨੂੰ ਫਿਰ ਦੁਹਰਾਉਂਦੇ ਹਾਂ।”ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਿਹਤ ਕੈਂਪਾਂ ਵਿੱਚ ਅੱਖਾਂ ਦੀ ਜਾਂਚ, ਕੈਂਸਰ ਸਕਰੀਨਿੰਗ, ਐਨਸੀਡੀ ਸਕਰੀਨਿੰਗ, ਹੱਡੀ-ਜੋੜ ਜਾਂਚ, ਈਐਨਟੀ ਚੈਕਅੱਪ, ਫਿਜ਼ੀਓਥੈਰਪੀ ਅਤੇ ਮਾਹਿਰਾਂ ਵੱਲੋਂ ਮਨੋਵਿਗਿਆਨਕ ਮੁਲਾਂਕਣ ਸਮੇਤ ਕਈ ਵਿਸ਼ੇਸ਼ ਸੇਵਾਵਾਂ ਦਿੱਤੀਆਂ ਗਈਆਂ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੋਤੀਆਬਿੰਦ ਆਪਰੇਸ਼ਨ ਲਈ 1756 ਰਜਿਸਟ੍ਰੇਸ਼ਨਾਂ ਹੋਈਆਂ, ਜਿਨ੍ਹਾਂ ਵਿੱਚੋਂ 539 ਸਰਜਰੀਆਂ ਸਫਲਤਾਪੂਰਵਕ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 1274 ਕੈਂਸਰ ਸਕਰੀਨਿੰਗਾਂ, 4863 ਹੱਡੀ-ਜੋੜ ਜਾਂਚਾਂ, 6339 ਐਨਸੀਡੀ ਸਕਰੀਨਿੰਗਾਂ, 9015 ਅੱਖਾਂ ਦੀਆਂ ਜਾਂਚਾਂ, 2593 ਈਐਨਟੀ ਚੈਕਅੱਪ ਅਤੇ 1621 ਫਿਜ਼ੀਓਥੈਰਪੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ALIMCO ਰਾਹੀਂ 418 ਲਾਭਪਾਤਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਹਾਇਕ ਉਪਕਰਣ ਮੁਹੱਈਆ ਕਰਵਾਏ ਗਏ ਹਨ ਅਤੇ 3014 ਨਜ਼ਰ ਵਾਲੇ ਚਸ਼ਮੇ ਵੀ ਵੰਡੇ ਗਏ ਹਨ।
ਡਾ. ਬਲਜੀਤ ਕੌਰ ਨੇ ਦੁਬਾਰਾ ਕਿਹਾ ਕਿ ਵਿਭਾਗ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਲੋਕ-ਹਿਤੈਸ਼ੀ ਪਹਿਲਕਦਮੀਆਂ ਜਾਰੀ ਰੱਖੀਆਂ ਜਾਣਗੀਆਂ।
