
ਚੰਡੀਗੜ੍ਹ, 29 ਮਈ 2026: ਆਈਪੀਐਲ 2026 ਦਾ ਦੂਜਾ ਕੁਆਲੀਫਾਇਰ ਮੁਕਾਬਲਾ ਅੱਜ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਹਾਈ-ਵੋਲਟੇਜ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ (GT) ਅਤੇ ਰਾਜਸਥਾਨ ਰਾਇਲਜ਼ (RR) ਦੀਆਂ ਟੀਮਾਂ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਆਮਨੇ-ਸਾਮਨੇ ਹੋਣਗੀਆਂ। ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ, ਜਦਕਿ ਮੁਕਾਬਲਾ 7:30 ਵਜੇ ਸ਼ੁਰੂ ਹੋਵੇਗਾ।
ਹਾਲਾਂਕਿ ਇਸ ਰੋਮਾਂਚਕ ਮੁਕਾਬਲੇ ‘ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਮੋਹਾਲੀ ਅਤੇ ਚੰਡੀਗੜ੍ਹ ਖੇਤਰ ਵਿੱਚ ਮੀਂਹ ਪੈਣ ਦੀ ਸੰਭਾਵਨਾ 60 ਤੋਂ 70 ਫੀਸਦੀ ਤੱਕ ਹੈ। ਮੌਸਮ ਵਿਗਿਆਨੀ ਸ਼ਿਵੇਂਦਰ ਸਿੰਘ ਨੇ ਦੱਸਿਆ ਕਿ ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਅਤੇ ਦੁਪਹਿਰ ਤੋਂ ਬਾਅਦ ਮੀਂਹ ਪੈ ਸਕਦਾ ਹੈ।
ਮੈਚ ਰੱਦ ਹੋਇਆ ਤਾਂ RR ਨੂੰ ਹੋਵੇਗਾ ਨੁਕਸਾਨ
ਆਈਪੀਐਲ ਨਿਯਮਾਂ ਮੁਤਾਬਕ ਕੁਆਲੀਫਾਇਰ-2 ਲਈ ਕੋਈ ਰਿਜ਼ਰਵ ਡੇ ਨਹੀਂ ਰੱਖਿਆ ਗਿਆ। ਜੇਕਰ ਮੀਂਹ ਕਾਰਨ ਮੈਚ ਰੱਦ ਹੁੰਦਾ ਹੈ ਤਾਂ ਅੰਕ ਸੂਚੀ ਵਿੱਚ ਉੱਚੇ ਸਥਾਨ ‘ਤੇ ਰਹਿਣ ਵਾਲੀ ਗੁਜਰਾਤ ਟਾਈਟਨਜ਼ ਸਿੱਧੀ ਫਾਈਨਲ ਵਿੱਚ ਪਹੁੰਚ ਜਾਵੇਗੀ। ਇਸ ਕਾਰਨ ਰਾਜਸਥਾਨ ਰਾਇਲਜ਼ ਲਈ ਇਹ ਮੈਚ “ਕਰੋ ਜਾਂ ਮਰੋ” ਵਾਲੀ ਸਥਿਤੀ ਬਣ ਗਿਆ ਹੈ।
ਗੁਜਰਾਤ ਟਾਈਟਨਜ਼ ਨੇ ਲੀਗ ਦੌਰ ਵਿੱਚ 14 ਵਿੱਚੋਂ 9 ਮੈਚ ਜਿੱਤ ਕੇ 18 ਅੰਕ ਹਾਸਲ ਕੀਤੇ ਸਨ ਅਤੇ ਟੀਮ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਰਹੀ। ਦੂਜੇ ਪਾਸੇ ਰਾਜਸਥਾਨ ਰਾਇਲਜ਼ ਨੇ 14 ਮੈਚਾਂ ਵਿੱਚੋਂ 8 ਜਿੱਤਾਂ ਨਾਲ 16 ਅੰਕ ਪ੍ਰਾਪਤ ਕੀਤੇ ਸਨ।
ਵੈਭਵ ਸੂਰਿਆਵੰਸ਼ੀ ‘ਤੇ ਹੋਣਗੀਆਂ ਸਭ ਦੀਆਂ ਨਜ਼ਰਾਂ
ਰਾਜਸਥਾਨ ਰਾਇਲਜ਼ ਨੇ 27 ਮਈ ਨੂੰ ਖੇਡੇ ਗਏ ਐਲੀਮੀਨੇਟਰ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਕੇ ਕੁਆਲੀਫਾਇਰ-2 ਵਿੱਚ ਜਗ੍ਹਾ ਬਣਾਈ ਸੀ। ਉਸ ਮੈਚ ਵਿੱਚ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 243 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ।
ਇਸ ਜਿੱਤ ਦੇ ਹੀਰੋ ਰਹੇ ਵੈਭਵ ਸੂਰਿਆਵੰਸ਼ੀ, ਜਿਨ੍ਹਾਂ ਨੇ ਸਿਰਫ 29 ਗੇਂਦਾਂ ‘ਚ 97 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਦੀ ਤੂਫਾਨੀ ਬੱਲੇਬਾਜ਼ੀ ਦੇ ਸਾਹਮਣੇ ਹੈਦਰਾਬਾਦ ਦੀ ਟੀਮ 196 ਦੌੜਾਂ ‘ਤੇ ਢੇਰ ਹੋ ਗਈ ਅਤੇ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਸੂਰਿਆਵੰਸ਼ੀ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਹੁਣ ਮੁੱਲਾਂਪੁਰ ਦੇ ਇਸੇ ਮੈਦਾਨ ‘ਤੇ ਫਿਰ ਇਕ ਵਾਰ ਉਨ੍ਹਾਂ ਤੋਂ ਵੱਡੀ ਪਾਰੀ ਦੀ ਉਮੀਦ ਕੀਤੀ ਜਾ ਰਹੀ ਹੈ।
ਗੁਜਰਾਤ ਲਈ ਵਾਪਸੀ ਦੀ ਚੁਣੌਤੀ
ਗੁਜਰਾਤ ਟਾਈਟਨਜ਼ ਆਪਣਾ ਪਹਿਲਾ ਕੁਆਲੀਫਾਇਰ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਖ਼ਿਲਾਫ਼ 92 ਦੌੜਾਂ ਨਾਲ ਹਾਰ ਗਈ ਸੀ। ਧਰਮਸ਼ਾਲਾ ਵਿੱਚ ਖੇਡੇ ਗਏ ਉਸ ਮੈਚ ਵਿੱਚ ਗੁਜਰਾਤ ਦੀ ਟੀਮ ਸਿਰਫ 162 ਦੌੜਾਂ ‘ਤੇ ਆਲ ਆਊਟ ਹੋ ਗਈ ਸੀ।
ਹੁਣ ਟੀਮ ਲਈ ਇਹ ਮੁਕਾਬਲਾ ਸਨਮਾਨ ਅਤੇ ਫਾਈਨਲ ਵਿੱਚ ਵਾਪਸੀ ਦਾ ਮੌਕਾ ਹੈ। ਕਪਤਾਨ ਅਤੇ ਕੋਚਿੰਗ ਸਟਾਫ਼ ਨੂੰ ਉਮੀਦ ਹੈ ਕਿ ਟੀਮ ਇਸ ਵੱਡੇ ਮੈਚ ਵਿੱਚ ਸ਼ਾਨਦਾਰ ਵਾਪਸੀ ਕਰੇਗੀ।
ਮੌਸਮ ਅਤੇ ਮੈਚ ‘ਤੇ ਰਹੇਗੀ ਸਭ ਦੀ ਨਜ਼ਰ
ਕ੍ਰਿਕਟ ਪ੍ਰੇਮੀਆਂ ਦੀ ਨਜ਼ਰ ਅੱਜ ਸਿਰਫ ਮੈਦਾਨ ‘ਤੇ ਨਹੀਂ, ਸਗੋਂ ਆਸਮਾਨ ‘ਤੇ ਵੀ ਟਿਕੀ ਰਹੇਗੀ। ਜੇ ਮੀਂਹ ਨੇ ਦਖ਼ਲ ਨਾ ਦਿੱਤਾ ਤਾਂ ਮੁੱਲਾਂਪੁਰ ਵਿੱਚ ਇੱਕ ਹੋਰ ਹਾਈ-ਸਕੋਰਿੰਗ ਅਤੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
