Saturday, June 20Punjabi People

ਪੰਜਾਬ ਕਾਂਗਰਸ ਦੀ ਕਮਾਨ ਕਿਸਦੇ ਹੱਥ? ਚੋਣਾਂ ਤੋਂ ਪਹਿਲਾਂ ਹਾਈਕਮਾਨ ਸਰਗਰਮ

ਚੰਡੀਗੜ੍ਹ, 17 ਜੂਨ 2026: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਹਾਈਕਮਾਨ ਨੇ ਸੂਬਾ ਇਕਾਈ ਨੂੰ ਮੁੜ ਮਜ਼ਬੂਤ ਕਰਨ ਲਈ ਸਰਗਰਮ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਲੰਬੇ ਸਮੇਂ ਤੋਂ ਧੜੇਬੰਦੀ ਅਤੇ ਅੰਦਰੂਨੀ ਖਿੱਚਤਾਣ ਦਾ ਸਾਹਮਣਾ ਕਰ ਰਹੀ ਪੰਜਾਬ ਕਾਂਗਰਸ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਹੁਣ ਗੰਭੀਰ ਨਜ਼ਰ ਆ ਰਹੀ ਹੈ। ਪਾਰਟੀ ਨੂੰ ਅਹਿਸਾਸ ਹੈ ਕਿ ਜੇਕਰ ਸੰਗਠਨਾਤਮਕ ਕਮਜ਼ੋਰੀਆਂ ਦੂਰ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਇਸਦਾ ਨੁਕਸਾਨ ਹੋ ਸਕਦਾ ਹੈ।

ਇਸੇ ਮਕਸਦ ਨਾਲ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਹਾਲ ਹੀ ਵਿੱਚ ਪੰਜਾਬ ਦੇ ਸੀਨੀਅਰ ਆਗੂਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸੂਬਾ ਇਕਾਈ ਦੀ ਮੌਜੂਦਾ ਸਥਿਤੀ, ਅੰਦਰੂਨੀ ਚੁਣੌਤੀਆਂ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਰਣਨੀਤੀ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਪੰਜਾਬ ‘ਤੇ ਹਾਈਕਮਾਨ ਦਾ ਖਾਸ ਧਿਆਨ

ਕਾਂਗਰਸ ਹਾਈਕਮਾਨ ਦੀ ਪੰਜਾਬ ਪ੍ਰਤੀ ਵੱਧ ਰਹੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਪੰਜਾਬ ਨਾਲ ਜੁੜੀਆਂ ਪੰਜ ਮਹੱਤਵਪੂਰਨ ਸੰਗਠਨਾਤਮਕ ਮੀਟਿੰਗਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਪੰਜਾਬ ਦੀ ਰਾਜਨੀਤਿਕ ਸਥਿਤੀ ਦਾ ਜਾਇਜ਼ਾ ਲੈਣ ਲਈ ਅਜੈ ਮਾਕਨ ਸਮੇਤ ਤਿੰਨ ਸੀਨੀਅਰ ਆਬਜ਼ਰਵਰਾਂ ਦੀ ਕਮੇਟੀ ਵੀ ਬਣਾਈ ਗਈ ਹੈ।

ਇਹ ਕਮੇਟੀ ਸੂਬੇ ਦੇ ਆਗੂਆਂ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਦੇ ਵਿਚਾਰ ਜਾਣ ਰਹੀ ਹੈ ਅਤੇ ਜਲਦ ਹੀ ਆਪਣੀ ਰਿਪੋਰਟ ਹਾਈਕਮਾਨ ਨੂੰ ਸੌਂਪੇਗੀ। ਮੰਨਿਆ ਜਾ ਰਿਹਾ ਹੈ ਕਿ ਰਿਪੋਰਟ ਦੇ ਆਧਾਰ ‘ਤੇ ਸੰਗਠਨ ਵਿੱਚ ਅਹਿਮ ਫ਼ੈਸਲੇ ਅਤੇ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ।

70 ਤੋਂ ਵੱਧ ਆਗੂਆਂ ਨਾਲ ਕੀਤੀ ਜਾ ਰਹੀ ਸਲਾਹ

ਮਸ਼ਵਰਾਆਬਜ਼ਰਵਰ ਕਮੇਟੀ ਨੇ ਕਰੀਬ 70 ਆਗੂਆਂ ਨੂੰ ਵਿਚਾਰ-ਵਟਾਂਦਰੇ ਲਈ ਸੱਦਾ ਦਿੱਤਾ ਹੈ। ਇਨ੍ਹਾਂ ਵਿੱਚ ਸੰਸਦ ਮੈਂਬਰ, ਵਿਧਾਇਕ, ਸਾਬਕਾ ਮੰਤਰੀ, ਜ਼ਿਲ੍ਹਾ ਪ੍ਰਧਾਨ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹਨ। ਉਨ੍ਹਾਂ ਤੋਂ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਵਿੱਚ ਸੰਭਾਵਿਤ ਤਬਦੀਲੀ, ਜੱਟ ਸਿੱਖ ਅਤੇ ਦਲਿਤ ਸਿੱਖ ਲੀਡਰਸ਼ਿਪ ਵਿਚਕਾਰ ਸੰਤੁਲਨ ਅਤੇ ਚੋਣੀ ਕਮੇਟੀਆਂ ਦੇ ਗਠਨ ਵਰਗੇ ਮੁੱਦਿਆਂ ‘ਤੇ ਰਾਏ ਲਈ ਜਾ ਰਹੀ ਹੈ।

ਕੀ ਬਦਲ ਸਕਦੀ ਹੈ ਪੰਜਾਬ ਕਾਂਗਰਸ ਦੀ ਲੀਡਰਸ਼ਿਪ?

ਹਾਲੀਆ ਸਥਾਨਕ ਸਰਕਾਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੂਬਾ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਖਾਸ ਕਰਕੇ ਗਿੱਦੜਬਾਹਾ ਵਿੱਚ ਕਾਂਗਰਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਹਲਕਾ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਦਾ ਰਾਜਨੀਤਿਕ ਗੜ੍ਹ ਮੰਨਿਆ ਜਾਂਦਾ ਹੈ, ਜਿੱਥੇ ਆਮ ਆਦਮੀ ਪਾਰਟੀ ਨੇ 19 ਵਿੱਚੋਂ 17 ਵਾਰਡਾਂ ‘ਤੇ ਜਿੱਤ ਦਰਜ ਕੀਤੀ।

ਦੂਜੇ ਪਾਸੇ, ਚਮਕੌਰ ਸਾਹਿਬ ਵਿੱਚ ਕਾਂਗਰਸ ਦੇ ਚੰਗੇ ਪ੍ਰਦਰਸ਼ਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਨੂੰ ਇੱਕ ਵਾਰ ਫਿਰ ਸੂਬਾ ਪ੍ਰਧਾਨ ਦੇ ਸੰਭਾਵੀ ਦਾਅਵੇਦਾਰ ਵਜੋਂ ਚਰਚਾ ਵਿੱਚ ਲਿਆ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਚੰਨੀ ਸੰਗਠਨ ਵਿੱਚ ਹੋਰ ਪ੍ਰਭਾਵਸ਼ਾਲੀ ਭੂਮਿਕਾ ਚਾਹੁੰਦੇ ਹਨ।

ਹਾਲਾਂਕਿ ਪਾਰਟੀ ਅੰਦਰ ਇਸ ਮੁੱਦੇ ‘ਤੇ ਇਕਰਾਇ ਨਹੀਂ ਹੈ। ਕੁਝ ਆਗੂ ਰਾਜਾ ਵੜਿੰਗ ‘ਤੇ ਹੀ ਭਰੋਸਾ ਜਤਾਉਣ ਦੇ ਪੱਖ ਵਿੱਚ ਹਨ, ਜਦਕਿ ਕੁਝ ਨਵੀਂ ਲੀਡਰਸ਼ਿਪ ਨੂੰ ਮੌਕਾ ਦੇਣ ਦੀ ਵਕਾਲਤ ਕਰ ਰਹੇ ਹਨ। ਸੰਭਾਵੀ ਦਾਅਵੇਦਾਰਾਂ ਵਿੱਚ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇਇੰਦਰ ਸਿੰਗਲਾ ਦੇ ਨਾਮ ਵੀ ਚਰਚਾ ਵਿੱਚ ਹਨ।

ਜੱਟ ਸਿੱਖ-ਦਲਿਤ ਸਿੱਖ ਸਮੀਕਰਨ ਬਣਿਆ ਅਹਿਮ ਮੁੱਦਾ

ਪੰਜਾਬ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਜੱਟ ਸਿੱਖ ਅਤੇ ਦਲਿਤ ਸਿੱਖ ਭਾਈਚਾਰਿਆਂ ਵਿਚਕਾਰ ਰਾਜਨੀਤਿਕ ਸੰਤੁਲਨ ਬਣਾਈ ਰੱਖਣਾ ਹੈ। ਇਸ ਵੇਲੇ ਸੂਬਾ ਪ੍ਰਧਾਨ ਅਤੇ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਦੋਵੇਂ ਜੱਟ ਸਿੱਖ ਭਾਈਚਾਰੇ ਨਾਲ ਸਬੰਧਤ ਹਨ, ਜਦਕਿ ਦਲਿਤ ਆਗੂਆਂ ਦਾ ਇੱਕ ਵਰਗ ਸੰਗਠਨ ਵਿੱਚ ਵਧੇਰੇ ਪ੍ਰਤੀਨਿਧਤਾ ਦੀ ਮੰਗ ਕਰ ਰਿਹਾ ਹੈ।

ਦੇਸ਼ ਵਿੱਚ ਸਭ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ ਸੂਬੇ ਪੰਜਾਬ ਵਿੱਚ ਦਲਿਤ ਵੋਟ ਬੈਂਕ ਨੂੰ ਕਾਂਗਰਸ ਦੀ ਰਾਜਨੀਤਿਕ ਰਣਨੀਤੀ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਪਰ ਪਿਛਲੇ ਕੁਝ ਸਾਲਾਂ ਦੌਰਾਨ ਇਸ ਵੋਟ ਬੈਂਕ ਦਾ ਇੱਕ ਵੱਡਾ ਹਿੱਸਾ ਆਮ ਆਦਮੀ ਪਾਰਟੀ ਵੱਲ ਖਿਸਕਿਆ ਹੈ। ਇਸ ਕਰਕੇ ਕਾਂਗਰਸ ਲਈ ਇਹ ਫ਼ੈਸਲਾ ਆਸਾਨ ਨਹੀਂ ਕਿ ਉਹ ਮੁੜ ਚਰਨਜੀਤ ਸਿੰਘ ਚੰਨੀ ਵਰਗੇ ਦਲਿਤ ਚਿਹਰੇ ‘ਤੇ ਦਾਅ ਖੇਡੇ ਜਾਂ ਕੋਈ ਨਵਾਂ ਫਾਰਮੂਲਾ ਅਪਣਾਏ।

ਇਸੇ ਦੌਰਾਨ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਉਣ ਨਾਲ ਜੱਟ ਸਿੱਖ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਵੀ ਕਾਂਗਰਸ ਲਈ ਇੱਕ ਨਵੀਂ ਚੁਣੌਤੀ ਬਣੀ ਹੋਈ ਹੈ।

ਰਿਪੋਰਟ ‘ਤੇ ਟਿਕੀਆਂ ਨਜ਼ਰਾਂ

ਫਿਲਹਾਲ ਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਤਬਦੀਲੀ ਬਾਰੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ। ਪਰ ਹਾਈਕਮਾਨ ਦੀ ਲਗਾਤਾਰ ਸਰਗਰਮੀ ਅਤੇ ਆਬਜ਼ਰਵਰਾਂ ਰਾਹੀਂ ਚੱਲ ਰਹੇ ਸਲਾਹ-ਮਸ਼ਵਰੇ ਇਹ ਸੰਕੇਤ ਦੇ ਰਹੇ ਹਨ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਸੰਗਠਨ ਨੂੰ ਨਵੀਂ ਦਿਸ਼ਾ ਦੇਣ ਲਈ ਵੱਡੇ ਫ਼ੈਸਲੇ ਲੈ ਸਕਦੀ ਹੈ। ਹੁਣ ਸਭ ਦੀਆਂ ਨਜ਼ਰਾਂ ਆਬਜ਼ਰਵਰ ਕਮੇਟੀ ਦੀ ਰਿਪੋਰਟ ‘ਤੇ ਟਿਕੀਆਂ ਹੋਈਆਂ ਹਨ, ਜਿਸ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲੇਗਾ ਜਾਂ ਮੌਜੂਦਾ ਲੀਡਰਸ਼ਿਪ ਨੂੰ ਹੀ ਅੱਗੇ ਵਧਾਇਆ ਜਾਵੇਗਾ।

Leave a Reply

Your email address will not be published. Required fields are marked *