
ਪਠਾਨਕੋਟ, 29 ਜੂਨ 2026: ਪਿਛਲੇ ਸਾਲ ਹੜ੍ਹਾਂ ਦੌਰਾਨ ਹੋਏ ਨੁਕਸਾਨ ਤੋਂ ਸਬਕ ਲੈਂਦਿਆਂ ਮਾਧੋਪੁਰ ਹੈੱਡਵਰਕਸ ‘ਤੇ ਲਗਾਏ ਗਏ ਸਾਰੇ 54 ਗੇਟਾਂ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਾਂ ਮੈਨੂਅਲ ਰਹੇ ਇਨ੍ਹਾਂ ਗੇਟਾਂ ਨੂੰ ਹੁਣ ਇਲੈਕਟ੍ਰਾਨਿਕ ਪ੍ਰਣਾਲੀ ਨਾਲ ਲੈਸ ਕੀਤਾ ਗਿਆ ਹੈ। ਹਰ ਗੇਟ ਨੂੰ ਇੱਕ-ਇੱਕ ਕਰਕੇ ਖੋਲ੍ਹ ਕੇ ਉਸ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਜਾ ਰਹੀ ਹੈ।
ਟੈਸਟਿੰਗ ਦੌਰਾਨ ਰਾਵੀ ਦਰਿਆ ਵਿੱਚ ਪਾਣੀ ਛੱਡੇ ਜਾਣ ਕਾਰਨ ਦਰਿਆ ਕੰਢੇ ਰਹਿਣ ਵਾਲੇ ਲੋਕਾਂ ਵਿੱਚ ਕੁਝ ਚਿੰਤਾ ਦਾ ਮਾਹੌਲ ਬਣ ਗਿਆ। ਖਾਸ ਕਰਕੇ ਭੋਆ ਹਲਕੇ ਦੇ ਕਥਲੋਰ ਪੁਲ ਨੇੜੇ ਲੋਕ ਇਕੱਠੇ ਹੋ ਗਏ, ਕਿਉਂਕਿ ਪਿਛਲੇ ਸਾਲ ਬਣਾਇਆ ਗਿਆ ਮਿੱਟੀ ਦਾ ਅਸਥਾਈ ਬੰਨ੍ਹ ਅਜੇ ਵੀ ਸਥਾਈ ਰੂਪ ਵਿੱਚ ਮਜ਼ਬੂਤ ਨਹੀਂ ਕੀਤਾ ਗਿਆ।
ਯਾਦ ਰਹੇ ਕਿ ਪਿਛਲੇ ਸਾਲ ਰਣਜੀਤ ਸਾਗਰ ਡੈਮ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਕਾਰਨ ਮਾਧੋਪੁਰ ਹੈੱਡਵਰਕਸ ਦੇ ਚਾਰ ਗੇਟ ਨੁਕਸਾਨਗ੍ਰਸਤ ਹੋ ਗਏ ਸਨ। ਇਸ ਦੇ ਨਤੀਜੇ ਵਜੋਂ ਪਠਾਨਕੋਟ ਸਮੇਤ ਕਈ ਇਲਾਕਿਆਂ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ ਅਤੇ ਭੋਆ ਹਲਕੇ ਦੇ 70 ਤੋਂ 80 ਪਿੰਡ ਪ੍ਰਭਾਵਿਤ ਹੋਏ ਸਨ। ਹਜ਼ਾਰਾਂ ਏਕੜ ਫਸਲ ਤਬਾਹ ਹੋਣ ਨਾਲ ਲੋਕਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਸੀ।
ਇਸ ਵਾਰ ਪ੍ਰਸ਼ਾਸਨ ਨੇ ਨੁਕਸਾਨਗ੍ਰਸਤ ਚਾਰ ਗੇਟਾਂ ਦੀ ਮੁਰੰਮਤ ਕਰਨ ਦੇ ਨਾਲ-ਨਾਲ ਸਾਰੇ 54 ਗੇਟਾਂ ਨੂੰ ਇਲੈਕਟ੍ਰਾਨਿਕ ਸਿਸਟਮ ਵਿੱਚ ਤਬਦੀਲ ਕਰ ਦਿੱਤਾ ਹੈ। ਇਸੇ ਤਹਿਤ ਹਰ ਗੇਟ ਦੀ ਵੱਖ-ਵੱਖ ਟੈਸਟਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਰਾਵੀ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ।
ਭਾਵੇਂ ਅਜੇ ਬਰਸਾਤ ਦਾ ਮੌਸਮ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ, ਪਰ ਦਰਿਆ ਵਿੱਚ ਵਧੇ ਪਾਣੀ ਨੂੰ ਦੇਖ ਕੇ ਲੋਕਾਂ ਵਿੱਚ ਪਿਛਲੇ ਸਾਲ ਵਰਗੇ ਹਾਲਾਤ ਬਣਨ ਦਾ ਖ਼ਦਸ਼ਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਰਿਆ ਦਾ ਕੰਢਾ ਟੁੱਟ ਗਿਆ ਤਾਂ ਫਿਰ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ।
ਇਸ ਮਾਮਲੇ ‘ਤੇ ਮਾਧੋਪੁਰ ਹੈੱਡਵਰਕਸ ਦੇ ਐਸ.ਡੀ.ਓ. ਨੇ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਖਰਾਬ ਹੋਏ ਚਾਰ ਗੇਟਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਸਾਰੇ 54 ਗੇਟ ਹੁਣ ਇਲੈਕਟ੍ਰਾਨਿਕ ਪ੍ਰਣਾਲੀ ਨਾਲ ਚੱਲਦੇ ਹਨ। ਇਸ ਵੇਲੇ ਸਿਰਫ਼ ਟੈਸਟਿੰਗ ਲਈ ਇੱਕ-ਇੱਕ ਗੇਟ ਖੋਲ੍ਹਿਆ ਜਾ ਰਿਹਾ ਹੈ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਦਿੱਕਤ ਤੋਂ ਬਚਿਆ ਜਾ ਸਕੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰਾਵੀ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਜਾਂ ਡਰ ਨਾ ਫੈਲਾਇਆ ਜਾਵੇ, ਕਿਉਂਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਸਾਰੀ ਕਾਰਵਾਈ ਸੁਰੱਖਿਆ ਮਾਪਦੰਡਾਂ ਅਨੁਸਾਰ ਕੀਤੀ ਜਾ ਰਹੀ ਹੈ।
