
ਚੰਡੀਗੜ੍ਹ, 9 ਜੁਲਾਈ 2026: ਪੰਜਾਬ ਸਰਕਾਰ ਨੇ ਟੈਕਸ ਚੋਰੀ ਅਤੇ ਫਰਜ਼ੀ ਬਿਲਿੰਗ ਦੇ ਨੈੱਟਵਰਕਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 55.35 ਕਰੋੜ ਰੁਪਏ ਦੇ ਜਾਅਲੀ ਬਿਲਿੰਗ ਘੁਟਾਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਰਾਜ ਕਰ ਵਿਭਾਗ ਨੇ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ ਗ੍ਰਿਫ਼ਤਾਰ ਕਰਕੇ ਲਗਭਗ 8.35 ਕਰੋੜ ਰੁਪਏ ਦੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ (ITC) ਦੇ ਗੈਰ-ਕਾਨੂੰਨੀ ਲੈਣ-ਦੇਣ ਦਾ ਪਰਦਾਫਾਸ਼ ਕੀਤਾ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਜਲੰਧਰ ਦੀ ਮੈਸਰਜ਼ ਰੈਮਸਨਜ਼ ਕਾਰਪੋਰੇਸ਼ਨ ਦਾ ਸੰਚਾਲਕ ਭੁਪਿੰਦਰ ਸ਼ਰਮਾ ਬਿਨਾਂ ਕਿਸੇ ਅਸਲ ਮਾਲ ਦੀ ਸਪਲਾਈ ਕੀਤੇ ਵੱਡੇ ਪੱਧਰ ‘ਤੇ ਜਾਅਲੀ ਜੀਐੱਸਟੀ ਇਨਵੌਇਸ ਜਾਰੀ ਕਰ ਰਿਹਾ ਸੀ। ਇਸ ਆਧਾਰ ‘ਤੇ ਪੰਜਾਬ ਜੀਐੱਸਟੀ ਐਕਟ, 2017 ਦੀ ਧਾਰਾ 69 ਤਹਿਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਫਰਮ ਨੇ ਕਰੀਬ 55.35 ਕਰੋੜ ਰੁਪਏ ਦੀ ਫਰਜ਼ੀ ਬਿਲਿੰਗ ਕਰਕੇ ਲਗਭਗ 8.35 ਕਰੋੜ ਰੁਪਏ ਦਾ ਜਾਅਲੀ ਇਨਪੁਟ ਟੈਕਸ ਕ੍ਰੈਡਿਟ ਹਾਸਲ ਕੀਤਾ ਅਤੇ ਇਸ ਨੂੰ ਹੋਰ ਫਰਮਾਂ ਤੱਕ ਪਹੁੰਚਾਇਆ। ਇਸ ਫਰਜ਼ੀ ITC ਦੀ ਵਰਤੋਂ ਕੁਝ ਨਿਰਮਾਣ ਇਕਾਈਆਂ ਵੱਲੋਂ ਨਿਰਯਾਤ ਦੇ ਨਾਂ ‘ਤੇ ਇੰਟੀਗ੍ਰੇਟਿਡ GST (IGST) ਦੇ ਗਲਤ ਰਿਫੰਡ ਹਾਸਲ ਕਰਨ ਲਈ ਕੀਤੀ ਗਈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਵਿੱਤੀ ਨੁਕਸਾਨ ਪਹੁੰਚਿਆ।
ਉਨ੍ਹਾਂ ਦੱਸਿਆ ਕਿ ਰਾਜ ਕਰ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ ਨੇ ਇਕੱਠੇ ਕੀਤੇ ਗਏ ਪੱਕੇ ਸਬੂਤਾਂ ਦੇ ਆਧਾਰ ‘ਤੇ 9 ਜੁਲਾਈ 2026 ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਜੁੜੇ ਅਪਰਾਧ ਪੰਜਾਬ ਜੀਐੱਸਟੀ ਐਕਟ ਦੀਆਂ ਸਖ਼ਤ ਧਾਰਾਵਾਂ ਤਹਿਤ ਗੈਰ-ਜ਼ਮਾਨਤੀ ਹਨ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਇਸ ਪੂਰੇ ਰੈਕੇਟ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਫਰਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਵਿਭਾਗ ਇਹ ਵੀ ਪਤਾ ਲਗਾ ਰਿਹਾ ਹੈ ਕਿ ਜਾਅਲੀ ITC ਦਾ ਨੈੱਟਵਰਕ ਕਿੰਨਾ ਵੱਡਾ ਸੀ, ਇਹ ਰਕਮ ਕਿਹੜੀਆਂ ਇਕਾਈਆਂ ਤੱਕ ਪਹੁੰਚੀ ਅਤੇ ਕੁੱਲ ਟੈਕਸ ਚੋਰੀ ਕਿੰਨੀ ਹੋਈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਘੁਟਾਲੇ ਵਿੱਚ ਸ਼ਾਮਲ ਹਰ ਵਿਅਕਤੀ ਅਤੇ ਸੰਸਥਾ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਟੈਕਸ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਸਰਕਾਰੀ ਮਾਲੀਏ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਫਰਜ਼ੀ ਇਨਵੌਇਸਿੰਗ, ਜਾਅਲੀ ਇਨਪੁਟ ਟੈਕਸ ਕ੍ਰੈਡਿਟ ਅਤੇ ਹਰ ਕਿਸਮ ਦੀ ਟੈਕਸ ਧੋਖਾਧੜੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨਾ ਸਿਰਫ਼ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਉਂਦੀਆਂ ਹਨ, ਸਗੋਂ ਇਮਾਨਦਾਰ ਟੈਕਸਦਾਤਾਵਾਂ ਲਈ ਵੀ ਅਸਮਾਨ ਮੁਕਾਬਲੇ ਦਾ ਮਾਹੌਲ ਪੈਦਾ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਕਰ ਵਿਭਾਗ ਨੂੰ ਟੈਕਸ ਚੋਰਾਂ ਖ਼ਿਲਾਫ਼ ਹੋਰ ਸਖ਼ਤੀ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਭਾਗ ਖੁਫੀਆ ਜਾਣਕਾਰੀ-ਆਧਾਰਿਤ ਜਾਂਚ, ਆਧੁਨਿਕ ਡਾਟਾ ਵਿਸ਼ਲੇਸ਼ਣ ਅਤੇ ਤਕਨੀਕੀ ਨਿਗਰਾਨੀ ਦੀ ਮਦਦ ਨਾਲ ਟੈਕਸ ਚੋਰੀ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਸਰਕਾਰੀ ਮਾਲੀਏ ਦੀ ਰਾਖੀ ਲਈ ਲਗਾਤਾਰ ਕਾਰਵਾਈ ਕਰ ਰਿਹਾ ਹੈ।
