
ਸ੍ਰੀ ਅਨੰਦਪੁਰ ਸਾਹਿਬ, 6 ਅਕਤੂਬਰ 2026: ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਪੜਤਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਗਠਿਤ ਚਾਰ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਮੁੱਢਲੀ ਰਿਪੋਰਟ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਹੈ। ਜਾਂਚ ਦੌਰਾਨ ਸਰਾਵਾਂ ਦੇ ਰਜਿਸਟਰਾਂ, ਗੁਰਦੁਆਰਾ ਪ੍ਰਬੰਧ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਜਾਂਚ ਕੀਤੀ ਗਈ। ਕਮੇਟੀ ਵੱਲੋਂ ਸਾਹਮਣੇ ਆਏ ਤੱਥਾਂ ਨੂੰ ਆਪਣੀ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਦਰਜ ਐਫਆਈਆਰ ਦੀ ਜਾਂਚ ਆਪਣੀ ਥਾਂ ’ਤੇ ਜਾਰੀ ਹੈ, ਪਰ SGPC ਨੇ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਆਪਣੇ ਪੱਧਰ ’ਤੇ ਵਿਭਾਗੀ ਜਾਂਚ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਨੇ ਉਪਲਬਧ ਰਿਕਾਰਡ ਦੀ ਬਾਰੀਕੀ ਨਾਲ ਘੋਖ ਕੀਤੀ ਹੈ ਅਤੇ ਕਈ ਤੱਥ ਸਾਹਮਣੇ ਆਏ ਹਨ।
ਸਰਾਵਾਂ ਦੇ ਰਿਕਾਰਡ ਦੀ ਜਾਂਚ ਦੌਰਾਨ ਕੀ ਸਾਹਮਣੇ ਆਇਆ?
ਐਡਵੋਕੇਟ ਧਾਮੀ ਮੁਤਾਬਕ ਜਾਂਚ ਕਮੇਟੀ ਨੇ ਵੱਖ-ਵੱਖ ਸਰਾਵਾਂ ਦੇ ਰਜਿਸਟਰਾਂ ਦੀ ਜਾਂਚ ਕੀਤੀ। ਰਿਕਾਰਡ ਵਿੱਚ ਸਬੰਧਤ ਬੀਬੀ ਵੱਲੋਂ ਵੱਖ-ਵੱਖ ਸਮਿਆਂ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਵਿੱਚ ਠਹਿਰਨ ਦੇ ਇੰਦਰਾਜ ਮੌਜੂਦ ਹਨ।
ਉਨ੍ਹਾਂ ਦੱਸਿਆ ਕਿ ਰਜਿਸਟਰਾਂ ਵਿੱਚ ਦਰਜ ਜਾਣਕਾਰੀ ਅਨੁਸਾਰ ਕਮਰਾ ਲੈਣ ਸਮੇਂ ਬਣਦੀ ਭੇਟਾ ਜਮ੍ਹਾਂ ਕਰਵਾਈ ਗਈ ਸੀ। ਇਸ ਲਈ SGPC ਵੱਲੋਂ ਸਬੰਧਤ ਬੀਬੀ ਨੂੰ ਸਰਾਵਾਂ ਵਿੱਚ ਮੁਫ਼ਤ ਕਮਰਾ ਜਾਂ ਵਾਹਨ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਦਾਅਵੇ ਨੂੰ ਉਨ੍ਹਾਂ ਗਲਤ ਕਰਾਰ ਦਿੱਤਾ।
ਰਜਿਸਟਰ ਵਿੱਚ ਕਥਿਤ ਤੌਰ ’ਤੇ ਬਾਅਦ ਵਿੱਚ ਕੀਤੀਆਂ ਗਈਆਂ ਐਂਟਰੀਆਂ
ਜਾਂਚ ਦੌਰਾਨ ਸਰਾਵਾਂ ਦੇ ਰਿਕਾਰਡ ਵਿੱਚ ਕਥਿਤ ਛੇੜਛਾੜ ਦਾ ਮਾਮਲਾ ਵੀ ਸਾਹਮਣੇ ਆਉਣ ਦੀ ਗੱਲ ਐਡਵੋਕੇਟ ਧਾਮੀ ਨੇ ਕਹੀ। ਉਨ੍ਹਾਂ ਮੁਤਾਬਕ ਸਰਾਵਾਂ ਦੇ ਇੰਚਾਰਜ ਅਮਰੀਕ ਸਿੰਘ ਵੱਲੋਂ ਰਜਿਸਟਰ ਵਿੱਚ ਬਾਅਦ ਵਿੱਚ ਇੰਦਰਾਜ ਦਰਜ ਕੀਤੇ ਜਾਣ ਦੇ ਤੱਥ ਸਾਹਮਣੇ ਆਏ ਹਨ।
ਧਾਮੀ ਨੇ ਦੱਸਿਆ ਕਿ ਕਥਿਤ ਤੌਰ ’ਤੇ ਅਜਿਹਾ ਦੋ ਵਾਰ ਕੀਤਾ ਗਿਆ। ਰਜਿਸਟਰ ਵਿੱਚ ਸੀਰੀਅਲ ਨੰਬਰ ਪਹਿਲਾਂ ਹੀ ਅੱਗੇ ਚੱਲ ਰਹੇ ਸਨ, ਪਰ ਪਿਛਲੇ ਸਥਾਨ ’ਤੇ ਇੰਦਰਾਜ ਕਰਨ ਦੇ ਨਾਲ ਸੀਰੀਅਲ ਨੰਬਰਾਂ ਵਿੱਚ ਵੀ ਤਬਦੀਲੀ ਕੀਤੀ ਗਈ। ਉਨ੍ਹਾਂ ਰਜਿਸਟਰ ਦਾ ਰਿਕਾਰਡ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਇਨ੍ਹਾਂ ਇੰਦਰਾਜਾਂ ਦੀ ਲਿਖਾਈ ਵੀ ਰਜਿਸਟਰ ਦੀ ਬਾਕੀ ਲਿਖਾਈ ਨਾਲ ਮੇਲ ਨਹੀਂ ਖਾਂਦੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਇੰਦਰਾਜਾਂ ਦੀ ਲਿਖਾਈ ਸਬੰਧੀ ਮਾਹਿਰਾਂ ਦੀ ਰਾਇ ਵੀ ਲਈ ਜਾਵੇਗੀ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਰਿਕਾਰਡ ਵਿੱਚ ਦਰਜ ਐਂਟਰੀਆਂ ਕਦੋਂ ਅਤੇ ਕਿਵੇਂ ਕੀਤੀਆਂ ਗਈਆਂ।
ਸ੍ਰੀ ਅਨੰਦਪੁਰ ਸਾਹਿਬ ਵਿੱਚ ਸੱਤ ਵਾਰ ਕਮਰਾ ਲੈਣ ਦਾ ਦਾਅਵਾ
ਐਡਵੋਕੇਟ ਧਾਮੀ ਵੱਲੋਂ ਸਾਂਝੇ ਕੀਤੇ ਰਿਕਾਰਡ ਅਨੁਸਾਰ ਸਬੰਧਤ ਬੀਬੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਖ-ਵੱਖ ਸਮਿਆਂ ਦੌਰਾਨ ਸੱਤ ਵਾਰ ਭੇਟਾ ਦੇ ਕੇ ਸਰਾਂ ਵਿੱਚ ਕਮਰਾ ਲਿਆ। ਰਿਕਾਰਡ ਮੁਤਾਬਕ ਇਨ੍ਹਾਂ ਮੌਕਿਆਂ ’ਤੇ ਉਸ ਦੇ ਨਾਲ ਹੋਰ ਮੈਂਬਰ ਵੀ ਸਰਾਂ ਵਿੱਚ ਠਹਿਰੇ ਸਨ।
ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਵਿਖੇ ਵੀ ਸੱਤ ਵਾਰ ਭੇਟਾ ਦੇ ਕੇ ਕਮਰਾ ਲੈਣ ਦੇ ਇੰਦਰਾਜ ਹੋਣ ਦੀ ਗੱਲ ਸਾਹਮਣੇ ਰੱਖੀ ਗਈ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੋਹਾਲੀ ਵਿਖੇ ਵੀ ਦੋ ਵਾਰ ਠਹਿਰਨ ਦਾ ਰਿਕਾਰਡ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ’ਤੇ ਧਾਮੀ ਦੀ ਸਫਾਈ
ਸਬੰਧਤ ਬੀਬੀ ਨੂੰ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੇ ਜਾਣ ਦੇ ਮਾਮਲੇ ’ਤੇ ਵੀ SGPC ਪ੍ਰਧਾਨ ਨੇ ਆਪਣਾ ਪੱਖ ਸਪੱਸ਼ਟ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ SGPC ਵੱਲੋਂ ਧਰਮ ਅਰਥ ਫੰਡ ਵਿੱਚੋਂ ਸਮੇਂ-ਸਮੇਂ ’ਤੇ ਲੋੜਵੰਦ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਉਨ੍ਹਾਂ ਅਨੁਸਾਰ ਸਬੰਧਤ ਬੀਬੀ ਵੱਲੋਂ ਆਪਣੀ ਬਿਮਾਰੀ ਅਤੇ ਇਲਾਜ ਦਾ ਹਵਾਲਾ ਦਿੰਦਿਆਂ ਵਿੱਤੀ ਮਦਦ ਲਈ ਅਰਜ਼ੀ ਦਿੱਤੀ ਗਈ ਸੀ। ਅਰਜ਼ੀ ਦੇ ਨਾਲ ਮੈਡੀਕਲ ਦਸਤਾਵੇਜ਼ ਵੀ ਪੇਸ਼ ਕੀਤੇ ਗਏ ਸਨ। ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਅੰਤ੍ਰਿੰਗ ਕਮੇਟੀ ਵੱਲੋਂ ਸਹਾਇਤਾ ਰਾਸ਼ੀ ਮਨਜ਼ੂਰ ਕੀਤੀ ਗਈ। ਧਾਮੀ ਨੇ ਕਿਹਾ ਕਿ ਇਹ ਰਕਮ ਧਰਮ ਅਰਥ ਫੰਡ ਵਿੱਚੋਂ ਦਿੱਤੀ ਗਈ ਅਤੇ ਅਜਿਹੀ ਸਹਾਇਤਾ ਲੋੜਵੰਦਾਂ ਨੂੰ ਨਿਯਮਾਂ ਅਨੁਸਾਰ ਦਿੱਤੀ ਜਾਂਦੀ ਹੈ।
ਸੋਸ਼ਲ ਮੀਡੀਆ ’ਤੇ ‘ਸਿਆਸੀ ਟਰਾਇਲ’ ਦਾ ਦੋਸ਼
SGPC ਪ੍ਰਧਾਨ ਨੇ ਮਾਮਲੇ ਦੀ ਪੂਰੀ ਜਾਂਚ ਅਤੇ ਤੱਥ ਸਾਹਮਣੇ ਆਉਣ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਚੱਲ ਰਹੀ ਚਰਚਾ ਨੂੰ ਲੈ ਕੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਖ਼ਿਲਾਫ਼ ਬਿਨਾਂ ਠੋਸ ਸਬੂਤਾਂ ਦੇ ਦੋਸ਼ ਲਗਾਉਣਾ ਅਤੇ ਕਿਰਦਾਰਕੁਸ਼ੀ ਕਰਨਾ ਠੀਕ ਨਹੀਂ ਹੈ।
ਧਾਮੀ ਨੇ ਦੋਸ਼ ਲਾਇਆ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ‘ਸਿਆਸੀ ਟਰਾਇਲ’ ਚਲਾਇਆ ਜਾ ਰਿਹਾ ਹੈ, ਜਿਸ ਰਾਹੀਂ ਸਿੱਖ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨਾਲ ਜੁੜੇ ਹਰ ਪੱਖ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਤੱਥਾਂ ਦੇ ਆਧਾਰ ’ਤੇ ਹੀ ਕੋਈ ਨਤੀਜਾ ਕੱਢਿਆ ਜਾਣਾ ਚਾਹੀਦਾ ਹੈ।
ਬਲਤੇਜ ਪੰਨੂ ਦੇ ਦੋਸ਼ਾਂ ’ਤੇ ਧਾਮੀ ਦਾ ਜਵਾਬ
ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਵੱਲੋਂ ਸਬੰਧਤ ਬੀਬੀ ਦੇ ਫੋਨ ਰਿਕਾਰਡ ਨੂੰ ਜਨਤਕ ਕੀਤੇ ਜਾਣ ਦੇ ਮਾਮਲੇ ’ਤੇ ਵੀ ਐਡਵੋਕੇਟ ਧਾਮੀ ਨੇ ਸਵਾਲ ਚੁੱਕੇ। ਉਨ੍ਹਾਂ ਪੁੱਛਿਆ ਕਿ ਜਦੋਂ ਇਸ ਮਾਮਲੇ ਵਿੱਚ ਪੁਲਿਸ ਜਾਂਚ ਚੱਲ ਰਹੀ ਹੈ ਤਾਂ ਫੋਨ ਰਿਕਾਰਡ ਜਨਤਕ ਕਰਨ ਦਾ ਅਧਿਕਾਰ ਕਿਸ ਹੈਸੀਅਤ ਵਿੱਚ ਵਰਤਿਆ ਜਾ ਰਿਹਾ ਹੈ।
ਧਾਮੀ ਨੇ ਬਲਤੇਜ ਪੰਨੂ ਵੱਲੋਂ ਲਗਾਏ ਉਸ ਦੋਸ਼ ਨੂੰ ਵੀ ਨਕਾਰਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਸਬੰਧਤ ਬੀਬੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿਣ ਤੋਂ ਪਹਿਲਾਂ ਉਨ੍ਹਾਂ ਨੂੰ ਮਿਲੀ ਸੀ ਅਤੇ ਇਸ ਬਾਰੇ ਅਮਰਜੀਤ ਸਿੰਘ ਚਾਵਲਾ ਨੂੰ ਜਾਣਕਾਰੀ ਦਿੱਤੀ ਗਈ ਸੀ। ਧਾਮੀ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ।
ਧਾਮੀ ਨੇ ਮੁੜ ਕੀਤੀ CBI ਜਾਂਚ ਦੀ ਮੰਗ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਸ ਨਾਲ ਜੁੜਿਆ ਪੂਰਾ ਸੱਚ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਇੱਕ ਵਿਅਕਤੀ ਦੀ ਕਥਿਤ ਗਲਤੀ ਜਾਂ ਕਮੀ ਨੂੰ ਆਧਾਰ ਬਣਾ ਕੇ ਪੂਰੀ ਸਿੱਖ ਸੰਸਥਾ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਮਾਮਲੇ ਦੇ ਹਰ ਪੱਖ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਹੋਣੀ ਜ਼ਰੂਰੀ ਹੈ। ਇਸੇ ਕਾਰਨ ਉਨ੍ਹਾਂ ਵੱਲੋਂ ਪਹਿਲਾਂ ਵੀ CBI ਜਾਂਚ ਦੀ ਮੰਗ ਕੀਤੀ ਗਈ ਸੀ ਅਤੇ ਹੁਣ ਉਹ ਆਪਣੀ ਇਸ ਮੰਗ ਨੂੰ ਮੁੜ ਦੁਹਰਾ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂਚ ਦੇ ਸਾਰੇ ਪੱਖ ਸਾਹਮਣੇ ਆਉਣ ਨਾਲ ਹੀ ਸੰਗਤ ਦੇ ਸਾਹਮਣੇ ਮਾਮਲੇ ਦੀ ਅਸਲ ਤਸਵੀਰ ਸਪੱਸ਼ਟ ਹੋ ਸਕੇਗੀ।
