Tuesday, October 20Punjabi People

ਮਿੱਟੀ ਤੋਂ ਮਹੋਤਸਵ ਤੱਕ’ ਦੇ ਸੰਦੇਸ਼ ਨਾਲ ਰਾਖੀਗੜ੍ਹੀ ਮਹੋਤਸਵ 2026 ਸ਼ੁਰੂ

ਹਰਿਆਣਾ, 19 ਅਕਤੂਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਖੀਗੜ੍ਹੀ ਦੀ ਧਰਤੀ ਆਪਣੇ ਅੰਦਰ ਸਾਡੇ ਪੁਰਖਿਆਂ ਦੀ ਮਿਹਨਤ, ਕਲਾ, ਹੁਨਰ ਅਤੇ ਵਿਕਸਿਤ ਸੱਭਿਆਚਾਰ ਦੀਆਂ ਅਮਿੱਟ ਯਾਦਾਂ ਸਮੋਈ ਬੈਠੀ ਹੈ। ਇਹ ਇਤਿਹਾਸਕ ਸਥਾਨ ਹਜ਼ਾਰਾਂ ਸਾਲ ਪੁਰਾਣੀ ਸਾਡੀ ਪਛਾਣ, ਸਾਂਝੀ ਵਿਰਾਸਤ ਅਤੇ ਸਵੈ-ਮਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਰਾਖੀਗੜ੍ਹੀ ਦੀ ਵਿਰਾਸਤ ਨੂੰ ਸੰਭਾਲਣ, ਪੁਰਾਤਤਵ ਖੋਜ ਨੂੰ ਉਤਸ਼ਾਹਿਤ ਕਰਨ, ਸੈਰ-ਸਪਾਟੇ ਨੂੰ ਵਿਕਸਿਤ ਕਰਨ ਅਤੇ ਸਥਾਨਕ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਵਚਨਬੱਧ ਹੈ।

ਮੁੱਖ ਮੰਤਰੀ ਸੋਮਵਾਰ ਨੂੰ ਹਾਂਸੀ ਜ਼ਿਲ੍ਹੇ ਦੇ ਰਾਖੀਗੜ੍ਹੀ ਵਿਖੇ ਸੱਤ ਰੋਜ਼ਾ ‘ਰਾਖੀਗੜ੍ਹੀ ਮਹੋਤਸਵ-2026’ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਸਾਲ ਦੇ ਮਹੋਤਸਵ ਦੀ ਥੀਮ ‘ਮਿੱਟੀ ਤੋਂ ਮਹੋਤਸਵ ਤੱਕ’ ਰੱਖੀ ਗਈ ਹੈ। ਇਸ ਮੌਕੇ ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਰਾਖੀਗੜ੍ਹੀ ਗ੍ਰਾਮ ਪੰਚਾਇਤ ਵੱਲੋਂ ਪੇਸ਼ ਕੀਤੇ ਮੰਗ ਪੱਤਰ ਨੂੰ ਪੂਰਾ ਕਰਨ ਦਾ ਭਰੋਸਾ ਦਿੰਦਿਆਂ ਪੰਚਾਇਤ ਲਈ 51 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਅਜਾਇਬ ਘਰ ਅਤੇ ਮਹੋਤਸਵ ਦੀਆਂ ਗਤੀਵਿਧੀਆਂ ਦਾ ਲਿਆ ਜਾਇਜ਼ਾ

ਮਹੋਤਸਵ ਦੇ ਉਦਘਾਟਨ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਖੀਗੜ੍ਹੀ ਵਿਖੇ ਉਸਾਰੀ ਅਧੀਨ ਅਜਾਇਬ ਘਰ ਦਾ ਨਿਰੀਖਣ ਕੀਤਾ। ਉਨ੍ਹਾਂ ਮਹੋਤਸਵ ਵਿੱਚ ਲਗਾਈਆਂ ਗਈਆਂ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਉੱਥੋਂ ਸਾਮਾਨ ਦੀ ਖਰੀਦਦਾਰੀ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਖੇਡ ਗਤੀਵਿਧੀਆਂ ਅਤੇ ਸਥਾਨ ’ਤੇ ਕਰਵਾਏ ਜਾ ਰਹੇ ਹੋਰ ਪ੍ਰੋਗਰਾਮਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਮੁੱਖ ਮੰਤਰੀ ਨੇ ਪੁਰਾਤਤਵ ਵਿਭਾਗ ਵੱਲੋਂ ਤਿਆਰ ਕੀਤੇ ਖੁਦਾਈ ਦੇ ਪ੍ਰਦਰਸ਼ਨੀ ਮਾਡਲ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਖੁਦਾਈ ਦੀ ਪ੍ਰਕਿਰਿਆ ਨੂੰ ਸਮਝਾਉਣ ਦੇ ਨਾਲ-ਨਾਲ ਖੁਦਾਈ ਵਿੱਚੋਂ ਮਿਲੀਆਂ ਇਤਿਹਾਸਕ ਵਸਤਾਂ ਅਤੇ ਅਵਸ਼ੇਸ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਅਤੇ ਹਰਿਆਣਾ ਦੇ ਵਿਰਾਸਤ ਤੇ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਵੀ ਪ੍ਰਦਰਸ਼ਿਤ ਮੋਹਰਾਂ ਦਾ ਜਾਇਜ਼ਾ ਲਿਆ।

‘ਮਿੱਟੀ ਤੋਂ ਮਹੋਤਸਵ ਤੱਕ’ ਵਿੱਚ ਸਮਾਈ ਸੱਭਿਆਚਾਰਕ ਯਾਤਰਾ

ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਰਾਖੀਗੜ੍ਹੀ ਮਹੋਤਸਵ ਲੋਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦਾ ਹੈ। ‘ਮਿੱਟੀ ਤੋਂ ਮਹੋਤਸਵ ਤੱਕ’ ਦੀ ਥੀਮ ਸਾਡੀ ਸੱਭਿਆਚਾਰਕ ਯਾਤਰਾ ਨੂੰ ਦਰਸਾਉਂਦੀ ਹੈ। ਇਹੀ ਮਿੱਟੀ ਕਿਸਾਨ ਦੇ ਹੱਥਾਂ ਵਿੱਚ ਅੰਨ ਪੈਦਾ ਕਰਦੀ ਹੈ, ਘੁਮਿਆਰ ਦੇ ਹੱਥਾਂ ਵਿੱਚ ਆਕਾਰ ਧਾਰਨ ਕਰਦੀ ਹੈ ਅਤੇ ਕਲਾਕਾਰ ਦੀ ਸਿਰਜਣਾਤਮਕਤਾ ਰਾਹੀਂ ਸੱਭਿਆਚਾਰ ਦਾ ਪ੍ਰਗਟਾਵਾ ਬਣਦੀ ਹੈ।

ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਨੇ ਦੁਨੀਆ ਨੂੰ ਕਰਮ ਦਾ ਸੰਦੇਸ਼ ਦਿੱਤਾ, ਜਦਕਿ ਰਾਖੀਗੜ੍ਹੀ ਹਜ਼ਾਰਾਂ ਸਾਲ ਪਹਿਲਾਂ ਦੀ ਮਨੁੱਖੀ ਸਭਿਅਤਾ ਅਤੇ ਜੀਵਨ-ਸ਼ੈਲੀ ਦੀ ਕਹਾਣੀ ਬਿਆਨ ਕਰਦੀ ਹੈ। ਇਸ ਧਰਤੀ ਦੀਆਂ ਪਰਤਾਂ ਵਿੱਚ ਮਨੁੱਖੀ ਜੀਵਨ, ਦਸਤਕਾਰੀ, ਖੇਤੀਬਾੜੀ ਅਤੇ ਭਾਈਚਾਰਕ ਪ੍ਰਬੰਧ ਦੇ ਵਿਕਾਸ ਨਾਲ ਸਬੰਧਤ ਮਹੱਤਵਪੂਰਨ ਸਬੂਤ ਸੁਰੱਖਿਅਤ ਹਨ। ਰਾਖੀਗੜ੍ਹੀ ਵਿੱਚੋਂ ਮਿਲੇ ਮਿੱਟੀ ਦੇ ਭਾਂਡੇ, ਮਣਕੇ, ਮੋਹਰਾਂ ਅਤੇ ਦਸਤਕਾਰੀ ਨਾਲ ਜੁੜੀਆਂ ਹੋਰ ਵਸਤਾਂ ਸਾਡੇ ਪੁਰਖਿਆਂ ਦੀ ਕਲਾ, ਸਿਰਜਣਾਤਮਕਤਾ ਅਤੇ ਉੱਨਤ ਜੀਵਨ-ਜਾਚ ਦੀ ਝਲਕ ਪੇਸ਼ ਕਰਦੀਆਂ ਹਨ।

ਨਵੀਂ ਪੀੜ੍ਹੀ ਨੂੰ ਵਿਰਾਸਤ ਨਾਲ ਜੋੜਨਾ ਸਮੇਂ ਦੀ ਲੋੜ

ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਦੀ ਮਹੱਤਤਾ ਸਿਰਫ਼ ਪੁਰਾਣੀਆਂ ਘਟਨਾਵਾਂ ਨੂੰ ਜਾਣਨ ਤੱਕ ਸੀਮਤ ਨਹੀਂ, ਸਗੋਂ ਇਸ ਤੋਂ ਮਿਲਣ ਵਾਲੀ ਸਿੱਖਿਆ ਵੀ ਬੇਹੱਦ ਅਹਿਮ ਹੈ। ਰਾਖੀਗੜ੍ਹੀ ਦੀ ਸੁਚੱਜੀ ਵਸੋਂ ਸਾਨੂੰ ਇਹ ਸਿੱਖ ਦਿੰਦੀ ਹੈ ਕਿ ਅਸੀਂ ਆਪਣੇ ਪਿੰਡਾਂ ਅਤੇ ਸ਼ਹਿਰਾਂ ਨੂੰ ਹੋਰ ਸਾਫ਼-ਸੁਥਰਾ, ਸੰਵੇਦਨਸ਼ੀਲ ਅਤੇ ਕੁਦਰਤ ਦੇ ਅਨੁਕੂਲ ਕਿਵੇਂ ਬਣਾ ਸਕਦੇ ਹਾਂ।

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵਿਰਾਸਤ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਇਸ ਦੀ ਪ੍ਰਮਾਣਿਕ ਕਹਾਣੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਨੌਜਵਾਨ ਵੱਖ-ਵੱਖ ਭਾਸ਼ਾਵਾਂ ਸਿੱਖਣ, ਸੰਚਾਰ ਦੇ ਹੁਨਰ ਨੂੰ ਨਿਖਾਰਨ ਅਤੇ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰਕੇ ਰਾਖੀਗੜ੍ਹੀ ਦੀ ਇਤਿਹਾਸਕ ਮਹੱਤਤਾ ਨੂੰ ਦੁਨੀਆ ਸਾਹਮਣੇ ਲਿਆਉਣ। ਸਕੂਲਾਂ ਵਿੱਚ ਰਾਖੀਗੜ੍ਹੀ ਨਾਲ ਸਬੰਧਤ ਪ੍ਰਸ਼ਨੋਤਰੀ ਅਤੇ ਹੋਰ ਸਿੱਖਿਆਤਮਕ ਗਤੀਵਿਧੀਆਂ ਕਰਵਾਉਣਾ ਵੀ ਇਸ ਦਿਸ਼ਾ ਵਿੱਚ ਲਾਹੇਵੰਦ ਕਦਮ ਹੋ ਸਕਦਾ ਹੈ।

ਮੁੱਖ ਮੰਤਰੀ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਸਥਾਨਕ ਇਤਿਹਾਸ ਅਤੇ ਸੱਭਿਆਚਾਰ ਨਾਲ ਜਾਣੂ ਕਰਵਾਉਣ ਲਈ ਇਤਿਹਾਸਕ ਸਥਾਨਾਂ ਅਤੇ ਅਜਾਇਬ ਘਰਾਂ ਦਾ ਦੌਰਾ ਕਰਵਾਉਣ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਆਪਣੀ ਧਰਤੀ ਦੇ ਇਤਿਹਾਸ ਤੋਂ ਜਾਣੂ ਹੋਣਗੇ, ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਆਪਣੀ ਵਿਰਾਸਤ ਦੀ ਕਹਾਣੀ ਮਾਣ ਅਤੇ ਭਰੋਸੇ ਨਾਲ ਪੇਸ਼ ਕਰ ਸਕਣਗੇ।

ਅੰਤਰਰਾਸ਼ਟਰੀ ਕਾਨਫਰੰਸ ਵਿੱਚ ਰਾਖੀਗੜ੍ਹੀ ਦੀ ਵਿਰਾਸਤ ’ਤੇ ਹੋਵੇਗੀ ਚਰਚਾ

ਮੁੱਖ ਮੰਤਰੀ ਨੇ ਦੱਸਿਆ ਕਿ ਮਹੋਤਸਵ ਦੌਰਾਨ ਅੰਤਰਰਾਸ਼ਟਰੀ ਕਾਨਫਰੰਸਾਂ ਵੀ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਦੇਸ਼-ਵਿਦੇਸ਼ ਦੇ ਵਿਦਵਾਨ ਅਤੇ ਮਾਹਰ ਰਾਖੀਗੜ੍ਹੀ ਤੋਂ ਪ੍ਰਾਪਤ ਪੁਰਾਤਤਵ ਸਬੂਤਾਂ, ਨਵੀਆਂ ਖੋਜਾਂ ਅਤੇ ਭਵਿੱਖ ਵਿੱਚ ਖੋਜ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ।

ਉਨ੍ਹਾਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਨਾਲ ਨਵੀਆਂ ਖੋਜ ਯੋਜਨਾਵਾਂ ਨੂੰ ਹੁਲਾਰਾ ਮਿਲੇਗਾ, ਵੱਖ-ਵੱਖ ਸੰਸਥਾਵਾਂ ਵਿਚਾਲੇ ਸਹਿਯੋਗ ਵਧੇਗਾ ਅਤੇ ਇਤਿਹਾਸਕ ਗਿਆਨ ਦਾ ਵਿਆਪਕ ਪੱਧਰ ’ਤੇ ਪ੍ਰਸਾਰ ਹੋਵੇਗਾ। ਉਨ੍ਹਾਂ ਪੁਰਾਤਤਵ ਵਿਗਿਆਨੀਆਂ ਅਤੇ ਖੋਜਕਰਤਾਵਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਧਰਤੀ ਦੀਆਂ ਪਰਤਾਂ ਵਿੱਚੋਂ ਮਿਲੇ ਖਿੰਡੇ ਹੋਏ ਸਬੂਤਾਂ ਨੂੰ ਜੋੜ ਕੇ ਮਨੁੱਖੀ ਸਭਿਅਤਾ ਦੇ ਅਣਕਹੇ ਅਧਿਆਏ ਸਾਹਮਣੇ ਲਿਆਉਂਦੇ ਹਨ।

ਰਾਖੀਗੜ੍ਹੀ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਉਣ ’ਤੇ ਜ਼ੋਰ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵਿਕਾਸ ਦੇ ਨਾਲ-ਨਾਲ ਆਪਣੀ ਵਿਰਾਸਤ ਦੀ ਸੰਭਾਲ ਲਈ ‘ਵਿਕਾਸ ਵੀ, ਵਿਰਾਸਤ ਵੀ’ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ। ਇਸ ਸੋਚ ਤਹਿਤ ਆਧੁਨਿਕ ਭਾਰਤ ਦਾ ਨਿਰਮਾਣ ਆਪਣੀਆਂ ਸੱਭਿਆਚਾਰਕ ਜੜ੍ਹਾਂ ਤੋਂ ਤਾਕਤ ਲੈ ਕੇ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਆਈਕਾਨਿਕ ਸਾਈਟਾਂ ਵਜੋਂ ਵਿਕਸਿਤ ਕਰਨ ਲਈ ਚੁਣੇ ਗਏ ਪੰਜ ਪੁਰਾਤਤਵ ਸਥਾਨਾਂ ਵਿੱਚ ਰਾਖੀਗੜ੍ਹੀ ਵੀ ਸ਼ਾਮਲ ਹੈ। ਇਸ ਇਤਿਹਾਸਕ ਸਥਾਨ ਨੂੰ ਸੈਰ-ਸਪਾਟੇ ਦੇ ਨਕਸ਼ੇ ’ਤੇ ਪ੍ਰਮੁੱਖ ਪਛਾਣ ਦਿਵਾਉਣ ਲਈ ਕਈ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਨਾਲ ਹੀ ਰਾਖੀਗੜ੍ਹੀ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇੱਥੋਂ ਮਿਲੇ ਅਵਸ਼ੇਸ਼ਾਂ ਦੀ ਡੂੰਘਾਈ ਨਾਲ ਖੋਜ ਕਰਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਰਾਂ ਨੂੰ ਸੱਦਾ ਦਿੱਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਰਾਖੀਗੜ੍ਹੀ ਵਿੱਚ ਅਜਾਇਬ ਘਰ ਅਤੇ ਇੰਟਰਪ੍ਰੀਟੇਸ਼ਨ ਸੈਂਟਰ ਦੀ ਇਮਾਰਤ ਦਾ ਸਿਵਲ ਨਿਰਮਾਣ ਕਾਰਜ ਲਗਭਗ ਮੁਕੰਮਲ ਹੋ ਚੁੱਕਾ ਹੈ। ਅਗਲੇ ਪੜਾਅ ਵਿੱਚ ਕਰੀਬ 188 ਕਰੋੜ ਰੁਪਏ ਦੀ ਲਾਗਤ ਨਾਲ ਇਸ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ ਦੀ ਯੋਜਨਾ ਹੈ।

ਸਰਸਵਤੀ-ਸਿੰਧੂ ਸਭਿਅਤਾ ਕਾਰੀਡੋਰ ਵਿਕਸਿਤ ਕਰਨ ਦੀ ਯੋਜਨਾ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸਰਸਵਤੀ-ਸਿੰਧੂ ਸਭਿਅਤਾ ਕਾਰੀਡੋਰ ਵਿਕਸਿਤ ਕਰਨ ਦੀ ਯੋਜਨਾ ’ਤੇ ਵੀ ਵਿਚਾਰ ਕੀਤਾ ਗਿਆ ਹੈ। ਇਸ ਪਹਿਲ ਦਾ ਉਦੇਸ਼ ਮਹੱਤਵਪੂਰਨ ਪੁਰਾਤਤਵ ਸਥਾਨਾਂ ਨੂੰ ਸੈਰ-ਸਪਾਟੇ ਦੇ ਨਜ਼ਰੀਏ ਤੋਂ ਬਿਹਤਰ ਸੰਪਰਕ ਅਤੇ ਤਾਲਮੇਲ ਰਾਹੀਂ ਜੋੜਨਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਯਤਨਾਂ ਨਾਲ ਇਤਿਹਾਸਕ ਸਥਾਨਾਂ ਦੀ ਮਹੱਤਤਾ ਨੂੰ ਵੱਡੇ ਪੱਧਰ ’ਤੇ ਉਜਾਗਰ ਕਰਨ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਿੱਚ ਮਦਦ ਮਿਲੇਗੀ।

Leave a Reply

Your email address will not be published. Required fields are marked *