
ਚੰਡੀਗੜ੍ਹ, 28 ਮਈ 2026: ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜੇ ਭਲਕੇ 29 ਮਈ ਨੂੰ ਐਲਾਨੇ ਜਾਣਗੇ। ਇਸ ਵਾਰ ਪਹਿਲੀ ਵਾਰ ਲੋਕ ਆਪਣੇ ਘਰਾਂ ਵਿੱਚ ਬੈਠੇ ਹੀ ਆਨਲਾਈਨ ਨਤੀਜੇ ਦੇਖ ਸਕਣਗੇ। ਪੰਜਾਬ ਦੇ ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਨਤੀਜਿਆਂ ਲਈ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ‘ਤੇ ਖਾਸ ਲਿੰਕ ਜਾਰੀ ਕੀਤਾ ਜਾਵੇਗਾ।
sec.punjab.gov.in
ਇਸ ਤੋਂ ਪਹਿਲਾਂ ਸਿਰਫ਼ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੀ ਡਿਜੀਟਲ ਪਲੇਟਫਾਰਮਾਂ ਰਾਹੀਂ ਉਪਲਬਧ ਕਰਵਾਏ ਜਾਂਦੇ ਸਨ। ਹੁਣ ਸਥਾਨਕ ਨਿਕਾਏ ਚੋਣਾਂ ਲਈ ਵੀ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਘਰ ਬੈਠੇ ਤੇਜ਼ ਅਤੇ ਸਹੀ ਜਾਣਕਾਰੀ ਮਿਲ ਸਕੇ ਅਤੇ ਗਿਣਤੀ ਕੇਂਦਰਾਂ ‘ਤੇ ਭੀੜ ਘੱਟ ਰਹੇ।
ਪੂਰੇ ਪੰਜਾਬ ਵਿੱਚ ਵੋਟਾਂ ਦੀ ਗਿਣਤੀ ਲਈ 115 ਕਾਊਂਟਿੰਗ ਸੈਂਟਰ ਬਣਾਏ ਗਏ ਹਨ। ਯਾਦ ਰਹੇ ਕਿ 26 ਮਈ ਨੂੰ ਸੂਬੇ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਵੋਟਿੰਗ ਹੋਈ ਸੀ।
ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਸਟ੍ਰਾਂਗ ਰੂਮ ਅਤੇ ਗਿਣਤੀ ਕੇਂਦਰ ਸੀਸੀਟੀਵੀ ਨਿਗਰਾਨੀ ਹੇਠ ਹਨ। ਸੁਰੱਖਿਆ ਲਈ ਤਿੰਨ ਪੱਧਰੀ ਘੇਰਾ ਬਣਾਇਆ ਗਿਆ ਹੈ ਅਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਵੀਰਵਾਰ ਨੂੰ ਸਾਰੇ 115 ਕੇਂਦਰਾਂ ‘ਤੇ ਗਿਣਤੀ ਸਟਾਫ ਦੀ ਅੰਤਿਮ ਰਿਹਰਸਲ ਵੀ ਕਰਵਾਈ ਗਈ।
ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਜਿਵੇਂ-ਜਿਵੇਂ ਵੱਖ-ਵੱਖ ਵਾਰਡਾਂ ਦੇ ਰਾਊਂਡ ਪੂਰੇ ਹੁੰਦੇ ਜਾਣਗੇ, ਨਤੀਜੇ ਵੈੱਬਸਾਈਟ ‘ਤੇ ਅਪਡੇਟ ਹੁੰਦੇ ਰਹਿਣਗੇ। ਲੋਕ ਵੈੱਬਸਾਈਟ ‘ਤੇ ਜਾ ਕੇ ਆਪਣੇ ਜ਼ਿਲ੍ਹੇ ਅਤੇ ਵਾਰਡ ਦੀ ਜਾਣਕਾਰੀ ਭਰ ਕੇ ਨਤੀਜੇ ਦੇਖ ਸਕਣਗੇ। ਜੇਕਰ ਕਿਸੇ ਵਾਰਡ ਦੀ ਗਿਣਤੀ ਪੂਰੀ ਨਹੀਂ ਹੋਵੇਗੀ ਤਾਂ ਉਸ ਦਾ ਨਤੀਜਾ ਅਜੇ ਨਹੀਂ ਦਿਖਾਇਆ ਜਾਵੇਗਾ।
ਰਾਜ ਚੋਣ ਕਮਿਸ਼ਨ ਵੱਲੋਂ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਸਵੇਰੇ 8 ਵਜੇ ਸਮੇਂ ਸਿਰ ਗਿਣਤੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਕ ਰਾਊਂਡ ਵਿੱਚ ਇੱਕ ਵਾਰਡ ਦੀ ਗਿਣਤੀ ਪੂਰੀ ਹੋਣ ਦੀ ਸੰਭਾਵਨਾ ਹੈ। ਕਮਿਸ਼ਨ ਨੂੰ ਉਮੀਦ ਹੈ ਕਿ ਦੁਪਹਿਰ 12 ਵਜੇ ਤੱਕ ਜ਼ਿਆਦਾਤਰ ਨਤੀਜੇ ਸਪਸ਼ਟ ਹੋ ਜਾਣਗੇ।
ਚੋਣ ਕਮਿਸ਼ਨ ਦੇ ਮੁਤਾਬਕ ਹਰ ਗਿਣਤੀ ਕੇਂਦਰ ‘ਤੇ 10 ਤੋਂ 14 ਟੇਬਲਾਂ ਲਗਾਈਆਂ ਜਾਣਗੀਆਂ, ਜਿੱਥੇ ਸੁਪਰਵਾਈਜ਼ਰ ਅਤੇ ਸਹਾਇਕ ਤਾਇਨਾਤ ਰਹਿਣਗੇ। ਪੂਰੇ ਪ੍ਰਬੰਧਾਂ ਦੀ ਨਿਗਰਾਨੀ ਮਾਈਕ੍ਰੋ ਆਬਜ਼ਰਵਰ ਪੱਧਰ ਦੇ ਅਧਿਕਾਰੀ ਕਰਨਗੇ, ਜਦਕਿ ਸੁਰੱਖਿਆ ਦੀ ਜ਼ਿੰਮੇਵਾਰੀ ਐਸਐਸਪੀ ਪੱਧਰ ਦੇ ਅਧਿਕਾਰੀਆਂ ਕੋਲ ਹੋਵੇਗੀ।
ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਦਾਇਰੇ ਵਿੱਚ ਸੁਰੱਖਿਆ ਘੇਰਾ ਬਣਾਇਆ ਗਿਆ ਹੈ। ਸਿਰਫ਼ ਅਧਿਕਾਰਤ ਪਾਸ ਵਾਲੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਨੂੰ ਹੀ ਅੰਦਰ ਜਾਣ ਦੀ ਆਗਿਆ ਹੋਵੇਗੀ।
