Wednesday, July 29Punjabi People

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 8,069 ਕੈਂਸਰ ਮਰੀਜ਼ਾਂ ਦੇ ਕੈਸ਼ਲੈੱਸ ਇਲਾਜ ‘ਤੇ ਪੰਜਾਬ ਸਰਕਾਰ ਨੇ ਖਰਚੇ ₹20.22 ਕਰੋੜ

ਚੰਡੀਗੜ੍ਹ, 24 ਜੁਲਾਈ 2026: ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਜ਼ਾਰਾਂ ਪਰਿਵਾਰਾਂ ਲਈ ਵੱਡੀ ਰਾਹਤ ਬਣ ਕੇ ਸਾਹਮਣੇ ਆਈ ਹੈ। ਯੋਜਨਾ ਦੇ ਤਹਿਤ ਹੁਣ ਤੱਕ 8,069 ਕੈਂਸਰ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ ਹੈ, ਜਿਸ ਲਈ ਸਰਕਾਰ ਵੱਲੋਂ 20.22 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਰਕਾਰੀ ਅੰਕੜਿਆਂ ਮੁਤਾਬਕ ਲਾਭਪਾਤਰੀਆਂ ਵਿੱਚ ਅੱਧੇ ਤੋਂ ਵੱਧ ਮਰੀਜ਼ 36 ਤੋਂ 60 ਸਾਲ ਦੀ ਉਮਰ ਵਰਗ ਨਾਲ ਸਬੰਧਤ ਹਨ, ਜਦਕਿ ਜੂਨ 2026 ਦੌਰਾਨ ਸਭ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ।

ਸਟੇਟ ਹੈਲਥ ਏਜੰਸੀ (ਐੱਸ.ਐੱਚ.ਏ.) ਪੰਜਾਬ ਵੱਲੋਂ ਜਾਰੀ ਅੰਕੜਿਆਂ ਅਨੁਸਾਰ 18 ਜੁਲਾਈ 2026 ਤੱਕ ਯੋਜਨਾ ਅਧੀਨ 8,069 ਕੈਂਸਰ ਮਰੀਜ਼ਾਂ ਨੂੰ ਨਕਦ-ਰਹਿਤ ਇਲਾਜ ਦੀ ਸਹੂਲਤ ਦਿੱਤੀ ਗਈ। ਇਹ ਯੋਜਨਾ ਉਹਨਾਂ ਪਰਿਵਾਰਾਂ ਲਈ ਵੱਡਾ ਸਹਾਰਾ ਬਣੀ ਹੈ ਜੋ ਕੈਂਸਰ ਦੇ ਮਹਿੰਗੇ ਇਲਾਜ ਕਾਰਨ ਆਰਥਿਕ ਦਬਾਅ ਦਾ ਸਾਹਮਣਾ ਕਰਦੇ ਹਨ।

ਕੈਂਸਰ ਦਾ ਪਤਾ ਲੱਗਣਾ ਕਿਸੇ ਵੀ ਪਰਿਵਾਰ ਲਈ ਮਾਨਸਿਕ ਅਤੇ ਆਰਥਿਕ ਦੋਵੇਂ ਪੱਖੋਂ ਵੱਡੀ ਚੁਣੌਤੀ ਹੁੰਦੀ ਹੈ। ਅਕਸਰ ਪਰਿਵਾਰਾਂ ਸਾਹਮਣੇ ਇਲਾਜ ਦੀ ਲਾਗਤ ਸਭ ਤੋਂ ਵੱਡੀ ਚਿੰਤਾ ਬਣ ਜਾਂਦੀ ਹੈ। ਸਰਜਰੀ, ਕੀਮੋਥੈਰੇਪੀ, ਰੇਡੀਓਥੈਰੇਪੀ, ਇਮਿਊਨੋਥੈਰੇਪੀ ਅਤੇ ਟਾਰਗੇਟਡ ਥੈਰੇਪੀ ਵਰਗੇ ਆਧੁਨਿਕ ਇਲਾਜ ਮਰੀਜ਼ਾਂ ਦੀ ਸਿਹਤਯਾਬੀ ਦੀ ਸੰਭਾਵਨਾ ਵਧਾਉਂਦੇ ਹਨ, ਪਰ ਇਨ੍ਹਾਂ ਦੀ ਉੱਚੀ ਲਾਗਤ ਕਈ ਪਰਿਵਾਰਾਂ ਲਈ ਇਲਾਜ ਵਿੱਚ ਦੇਰੀ ਦਾ ਕਾਰਨ ਬਣਦੀ ਹੈ। ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਉਦੇਸ਼ ਇਸ ਆਰਥਿਕ ਰੁਕਾਵਟ ਨੂੰ ਦੂਰ ਕਰਨਾ ਹੈ ਤਾਂ ਜੋ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇ।

36 ਤੋਂ 60 ਸਾਲ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ

ਯੋਜਨਾ ਦੇ ਅੰਕੜੇ ਦਰਸਾਉਂਦੇ ਹਨ ਕਿ ਕੈਂਸਰ ਸਿਰਫ਼ ਬਜ਼ੁਰਗਾਂ ਤੱਕ ਸੀਮਤ ਨਹੀਂ ਰਿਹਾ। ਇਲਾਜ ਪ੍ਰਾਪਤ ਕਰਨ ਵਾਲੇ 4,285 ਮਰੀਜ਼ 36 ਤੋਂ 60 ਸਾਲ ਦੀ ਉਮਰ ਵਰਗ ਨਾਲ ਸਬੰਧਤ ਸਨ, ਜੋ ਸਭ ਤੋਂ ਵੱਡਾ ਹਿੱਸਾ ਹੈ। ਇਸ ਤੋਂ ਇਲਾਵਾ 3,376 ਮਰੀਜ਼ 60 ਸਾਲ ਤੋਂ ਵੱਧ, 399 ਮਰੀਜ਼ 17 ਤੋਂ 35 ਸਾਲ ਦੀ ਉਮਰ ਵਰਗ ਦੇ ਸਨ, ਜਦਕਿ 9 ਬੱਚਿਆਂ (17 ਸਾਲ ਤੋਂ ਘੱਟ ਉਮਰ) ਨੂੰ ਵੀ ਯੋਜਨਾ ਅਧੀਨ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ।

ਹਰ ਮਹੀਨੇ ਵਧਿਆ ਇਲਾਜ ਦਾ ਦਾਇਰਾ

ਸਾਲ 2026 ਦੌਰਾਨ ਕੈਂਸਰ ਮਰੀਜ਼ਾਂ ਦੇ ਇਲਾਜ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ। ਜਨਵਰੀ ਵਿੱਚ 842, ਫ਼ਰਵਰੀ ਵਿੱਚ 1,080, ਮਾਰਚ ਵਿੱਚ 1,175 ਅਤੇ ਅਪ੍ਰੈਲ ਵਿੱਚ 1,350 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਮਈ ਵਿੱਚ 1,275 ਮਰੀਜ਼ਾਂ ਨੂੰ ਇਲਾਜ ਮਿਲਿਆ, ਜਦਕਿ ਜੂਨ ਮਹੀਨੇ ਵਿੱਚ ਸਭ ਤੋਂ ਵੱਧ 1,468 ਮਰੀਜ਼ਾਂ ਨੇ ਯੋਜਨਾ ਦਾ ਲਾਭ ਲਿਆ। ਜੁਲਾਈ ਦੇ ਪਹਿਲੇ 18 ਦਿਨਾਂ ਵਿੱਚ ਹੀ 879 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਸੀ।

ਦਰਸ਼ਨ ਦੇਵੀ ਦੀ ਕਹਾਣੀ ਬਣੀ ਯੋਜਨਾ ਦੀ ਮਿਸਾਲ

ਸਮਾਣਾ ਦੀ ਰਹਿਣ ਵਾਲੀ ਦਰਸ਼ਨ ਦੇਵੀ ਲਈ ਵੀ ਇਹ ਯੋਜਨਾ ਜੀਵਨ ਬਦਲਣ ਵਾਲੀ ਸਾਬਤ ਹੋਈ। ਡਾਕਟਰਾਂ ਵੱਲੋਂ ਕੈਂਸਰ ਦੀ ਸਰਜਰੀ ਦੀ ਸਲਾਹ ਦਿੱਤੇ ਜਾਣ ਤੋਂ ਬਾਅਦ 4 ਤੋਂ 5 ਲੱਖ ਰੁਪਏ ਦੇ ਅਨੁਮਾਨਿਤ ਖਰਚ ਨੇ ਪਰਿਵਾਰ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ। ਪਰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਨਜ਼ੂਰੀ ਮਿਲਣ ਉਪਰੰਤ ਉਨ੍ਹਾਂ ਦੀ ਸਰਜਰੀ ਬਿਨਾਂ ਕਿਸੇ ਨਿੱਜੀ ਖਰਚ ਦੇ ਸੰਭਵ ਹੋ ਸਕੀ। ਇਹ ਉਦਾਹਰਨ ਦਰਸਾਉਂਦੀ ਹੈ ਕਿ ਯੋਜਨਾ ਸਿਰਫ਼ ਵਿੱਤੀ ਸਹਾਇਤਾ ਹੀ ਨਹੀਂ, ਸਗੋਂ ਮਰੀਜ਼ਾਂ ਲਈ ਸਮੇਂ ਸਿਰ ਇਲਾਜ ਦੀ ਉਮੀਦ ਵੀ ਬਣ ਰਹੀ ਹੈ।

ਯੋਜਨਾ ਦਾ ਲਗਾਤਾਰ ਵਧ ਰਿਹਾ ਦਾਇਰਾ

8 ਜਨਵਰੀ 2026 ਨੂੰ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹੁਣ ਤੱਕ 2,68,274 ਲਾਭਪਾਤਰੀ ਇਲਾਜ ਪ੍ਰਾਪਤ ਕਰ ਚੁੱਕੇ ਹਨ। ਯੋਜਨਾ ਅਧੀਨ 5,31,386 ਇਲਾਜ ਮਾਮਲੇ ਦਰਜ ਕੀਤੇ ਗਏ ਹਨ, ਜਦਕਿ 20 ਜੁਲਾਈ 2026 ਤੱਕ ਮੁਹੱਈਆ ਕਰਵਾਏ ਗਏ ਇਲਾਜ ਦਾ ਕੁੱਲ ਮੁੱਲ 950.35 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਅੰਕੜੇ ਯੋਜਨਾ ਦੇ ਵਧਦੇ ਦਾਇਰੇ ਅਤੇ ਲੋਕਾਂ ਦੇ ਭਰੋਸੇ ਨੂੰ ਦਰਸਾਉਂਦੇ ਹਨ।

ਕੈਂਸਰ ਬਣ ਰਿਹਾ ਵੱਡੀ ਜਨ ਸਿਹਤ ਚੁਣੌਤੀ

ਸਿਹਤ ਮਾਹਿਰਾਂ ਅਨੁਸਾਰ ਕੈਂਸਰ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਅਨੁਮਾਨ ਮੁਤਾਬਕ ਸਾਲ 2022 ਵਿੱਚ ਭਾਰਤ ਵਿੱਚ ਲਗਭਗ 14.6 ਲੱਖ ਨਵੇਂ ਕੈਂਸਰ ਮਾਮਲੇ ਸਾਹਮਣੇ ਆਏ ਸਨ ਅਤੇ ਆਉਣ ਵਾਲੇ ਸਾਲਾਂ ਵਿੱਚ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਬਦਲਦੀ ਜੀਵਨ ਸ਼ੈਲੀ, ਵਧਦੀ ਉਮਰ ਅਤੇ ਬਿਹਤਰ ਜਾਂਚ ਸਹੂਲਤਾਂ ਇਸ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ।

ਸਮੇਂ ਸਿਰ ਜਾਂਚ ਅਤੇ ਇਲਾਜ ‘ਤੇ ਦਿੱਤਾ ਜ਼ੋਰ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਰਥਿਕ ਤੰਗੀ ਕਿਸੇ ਵੀ ਮਰੀਜ਼ ਦੇ ਕੈਂਸਰ ਇਲਾਜ ਵਿੱਚ ਰੁਕਾਵਟ ਨਾ ਬਣੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਤੁਰੰਤ ਇਲਾਜ ਨਾਲ ਕੈਂਸਰ ਤੋਂ ਠੀਕ ਹੋਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ ਅਤੇ ‘ਮੁੱਖ ਮੰਤਰੀ ਸਿਹਤ ਯੋਜਨਾ’ ਇਸੇ ਮਕਸਦ ਨਾਲ ਯੋਗ ਮਰੀਜ਼ਾਂ ਨੂੰ ਗੁਣਵੱਤਾਪੂਰਨ ਕੈਸ਼ਲੈੱਸ ਇਲਾਜ ਪ੍ਰਦਾਨ ਕਰ ਰਹੀ ਹੈ।

ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰੀਰ ਵਿੱਚ ਲੰਬੇ ਸਮੇਂ ਤੱਕ ਰਹਿਣ ਵਾਲੀ ਗੰਢ, ਬਿਨਾਂ ਕਾਰਨ ਭਾਰ ਘਟਣਾ, ਅਸਧਾਰਨ ਖੂਨ ਵਗਣਾ, ਲਗਾਤਾਰ ਖੰਘ ਜਾਂ ਮਲ-ਮੂਤਰ ਦੀ ਆਮ ਪ੍ਰਕਿਰਿਆ ਵਿੱਚ ਹੋਣ ਵਾਲੇ ਬਦਲਾਅ ਵਰਗੇ ਚੇਤਾਵਨੀ ਸੰਕੇਤਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣਾ ਜੀਵਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

Leave a Reply

Your email address will not be published. Required fields are marked *