
ਚੰਡੀਗੜ੍ਹ, 27 ਜੁਲਾਈ 2026: ਪੰਜਾਬੀ, ਹਿੰਦੀ ਅਤੇ ਗੁਰਮਤਿ ਸਾਹਿਤ ਦੇ ਮਹਾਨ ਵਿਦਵਾਨ, ਪ੍ਰਸਿੱਧ ਖੋਜਕਾਰ ਅਤੇ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਦੇ 100ਵੇਂ ਜਨਮ ਦਿਵਸ ਮੌਕੇ ਪੰਜਾਬ ਕਲਾ ਪਰਿਸ਼ਦ ਵੱਲੋਂ ਪੰਜਾਬ ਕਲਾ ਭਵਨ ਵਿਖੇ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ਤਾਬਦੀ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਹਿਤ, ਭਾਸ਼ਾ, ਸੱਭਿਆਚਾਰ ਅਤੇ ਜਨ ਜੀਵਨ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦਿਆਂ ਡਾ. ਜੱਗੀ ਦੇ ਅਮੁੱਲੇ ਯੋਗਦਾਨ ਨੂੰ ਨਮਨ ਕੀਤਾ।
ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਾਬਕਾ ਸੰਸਦ ਮੈਂਬਰ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਪਦਮ ਭੂਸ਼ਣ ਸ. ਤਰਲੋਚਨ ਸਿੰਘ ਨੂੰ ਪਹਿਲੇ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸਨਮਾਨ ਵਜੋਂ ਉਨ੍ਹਾਂ ਨੂੰ ₹51 ਹਜ਼ਾਰ ਦੀ ਨਗਦ ਰਾਸ਼ੀ, ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ।
ਡਾ. ਰਤਨ ਸਿੰਘ ਜੱਗੀ ਦੇ ਨਾਮ ‘ਤੇ ਓਪਨ ਏਅਰ ਥੀਏਟਰ ਅਤੇ ਬੁੱਤ ਦਾ ਉਦਘਾਟਨ
ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਕਲਾ ਭਵਨ ਵਿੱਚ ਨਵੇਂ ਸਿਰੇ ਨਾਲ ਤਿਆਰ ਕੀਤੇ ਗਏ ਅਤਿ-ਆਧੁਨਿਕ ਡਾ. ਰਤਨ ਸਿੰਘ ਜੱਗੀ ਓਪਨ ਏਅਰ ਥੀਏਟਰ ਅਤੇ ਉਨ੍ਹਾਂ ਦੇ ਬੁੱਤ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਥੀਏਟਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹਿਤ, ਕਲਾ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
“ਡਾ. ਜੱਗੀ ਯੁੱਗ ਪੁਰਸ਼ ਸਨ, ਉਨ੍ਹਾਂ ਦੀਆਂ ਰਚਨਾਵਾਂ ਸਮਾਜ ਨੂੰ ਜੋੜਦੀਆਂ ਹਨ” – ਕੁਲਤਾਰ ਸਿੰਘ ਸੰਧਵਾਂ
ਆਪਣੇ ਸੰਬੋਧਨ ਦੌਰਾਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਡਾ. ਰਤਨ ਸਿੰਘ ਜੱਗੀ ਸਿਰਫ਼ ਇੱਕ ਮਹਾਨ ਵਿਦਵਾਨ ਨਹੀਂ ਸਨ, ਸਗੋਂ ਅਸਲ ਅਰਥਾਂ ਵਿੱਚ ਯੁੱਗ ਪੁਰਸ਼ ਸਨ। ਉਨ੍ਹਾਂ ਦੀਆਂ ਰਚਨਾਵਾਂ ਨੇ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਰਾਹੀਂ ਸਮਾਜ ਨੂੰ ਜੋੜਨ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਦੀ ਪਹਿਚਾਣ ਉਸਦੀ ਭਾਸ਼ਾ, ਸਾਹਿਤ ਅਤੇ ਕਲਾ ਨਾਲ ਹੀ ਕਾਇਮ ਰਹਿੰਦੀ ਹੈ ਅਤੇ ਡਾ. ਜੱਗੀ ਨੇ ਇਸ ਵਿਰਾਸਤ ਨੂੰ ਸੰਭਾਲਣ ਲਈ ਆਪਣਾ ਪੂਰਾ ਜੀਵਨ ਸਮਰਪਿਤ ਕੀਤਾ।
ਉਨ੍ਹਾਂ ਪਦਮ ਭੂਸ਼ਣ ਤਰਲੋਚਨ ਸਿੰਘ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੰਸਦ ਤੋਂ ਲੈ ਕੇ ਵੱਖ-ਵੱਖ ਰਾਸ਼ਟਰੀ ਸੰਸਥਾਵਾਂ ਤੱਕ ਸਿੱਖਾਂ, ਪੰਜਾਬੀਆਂ ਅਤੇ ਘੱਟ ਗਿਣਤੀਆਂ ਦੀ ਮਜ਼ਬੂਤੀ ਨਾਲ ਆਵਾਜ਼ ਉਠਾਈ ਅਤੇ ਲੋਕ ਸੇਵਾ ਵਿੱਚ ਵਿਲੱਖਣ ਯੋਗਦਾਨ ਦਿੱਤਾ।
ਸਨਮਾਨ ਰਾਸ਼ੀ ਨੌਜਵਾਨਾਂ ਲਈ ਕਿਤਾਬਾਂ ਛਪਵਾਉਣ ਨੂੰ ਸਮਰਪਿਤ
ਪਦਮ ਭੂਸ਼ਣ ਸ. ਤਰਲੋਚਨ ਸਿੰਘ ਨੇ ਸਨਮਾਨ ਸਵੀਕਾਰ ਕਰਦਿਆਂ ਪੰਜਾਬ ਕਲਾ ਪਰਿਸ਼ਦ ਅਤੇ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਡਾ. ਜੱਗੀ ਨੂੰ ਗਿਆਨ ਦਾ ਅਥਾਹ ਸਮੁੰਦਰ ਦੱਸਦਿਆਂ ਕਿਹਾ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੇ ਯੁੱਗ ਵਿੱਚ ਵੀ ਉਨ੍ਹਾਂ ਵੱਲੋਂ ਕੀਤੀ ਗਈ ਖੋਜ, ਲਿਖਤ ਅਤੇ ਹੱਥ-ਲਿਖਤ ਸਾਹਿਤਕ ਸੇਵਾ ਦੀ ਬਰਾਬਰੀ ਕਰਨਾ ਅਸੰਭਵ ਹੈ।
ਉਨ੍ਹਾਂ ਆਪਣੇ ਸਨਮਾਨ ਵਜੋਂ ਮਿਲੀ ₹51 ਹਜ਼ਾਰ ਦੀ ਰਾਸ਼ੀ ਵਾਪਸ ਫਾਊਂਡੇਸ਼ਨ ਨੂੰ ਭੇਟ ਕਰਦਿਆਂ ਅਪੀਲ ਕੀਤੀ ਕਿ ਇਸ ਰਕਮ ਨਾਲ ਡਾ. ਰਤਨ ਸਿੰਘ ਜੱਗੀ ਦੀਆਂ ਪੁਸਤਕਾਂ ਛਪਵਾ ਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਮੁਫ਼ਤ ਵੰਡੀਆਂ ਜਾਣ, ਤਾਂ ਜੋ ਉਨ੍ਹਾਂ ਦੀ ਸਾਹਿਤਕ ਵਿਰਾਸਤ ਨਵੀਂ ਪੀੜ੍ਹੀ ਤੱਕ ਪਹੁੰਚ ਸਕੇ।
ਹਰ ਸਾਲ ਦਿੱਤਾ ਜਾਵੇਗਾ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਕੀਤਾ ਗਿਆ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਹਰ ਸਾਲ 27 ਜੁਲਾਈ ਨੂੰ ਦਿੱਤਾ ਜਾਵੇਗਾ। ਉਨ੍ਹਾਂ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਫਾਊਂਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਫਾਊਂਡੇਸ਼ਨ ਨੇ ਕਰੀਬ ₹20 ਲੱਖ ਦੀ ਲਾਗਤ ਨਾਲ ਪੰਜਾਬ ਕਲਾ ਭਵਨ ਦੇ ਓਪਨ ਏਅਰ ਥੀਏਟਰ ਨੂੰ ਆਧੁਨਿਕ ਰੂਪ ਦੇਣ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਛੇ ਦਹਾਕਿਆਂ ਤੱਕ ਸਾਹਿਤ ਦੀ ਨਿਰੰਤਰ ਸੇਵਾ
ਪ੍ਰਸਿੱਧ ਵਿਦਵਾਨ ਡਾ. ਅਮਰਜੀਤ ਸਿੰਘ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਡਾ. ਰਤਨ ਸਿੰਘ ਜੱਗੀ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਯੋਗਦਾਨ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਡਾ. ਜੱਗੀ ਨੇ ਛੇ ਦਹਾਕਿਆਂ ਤੋਂ ਵੱਧ ਸਮੇਂ ਤੱਕ ਮੱਧਕਾਲੀ ਸਾਹਿਤ, ਗੁਰਮਤਿ ਸਾਹਿਤ ਅਤੇ ਭਾਰਤੀ ਵਿਰਾਸਤ ‘ਤੇ ਡੂੰਘੀ ਖੋਜ ਕਰਕੇ ਵਿਸ਼ਵ ਪੱਧਰ ‘ਤੇ ਪੰਜਾਬੀ ਸਾਹਿਤ ਨੂੰ ਨਵੀਂ ਪਛਾਣ ਦਿੱਤੀ।
ਉਨ੍ਹਾਂ ਦੱਸਿਆ ਕਿ ਡਾ. ਜੱਗੀ ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ, ਫ਼ਾਰਸੀ ਅਤੇ ਸੰਸਕ੍ਰਿਤ ਸਮੇਤ ਕਈ ਭਾਸ਼ਾਵਾਂ ਦੇ ਵਿਦਵਾਨ ਸਨ ਅਤੇ ਉਨ੍ਹਾਂ ਨੇ ਸੈਂਕੜਿਆਂ ਪੁਸਤਕਾਂ, ਟੀਕਾਵਾਂ ਅਤੇ ਵਿਸ਼ਵਕੋਸ਼ੀ ਰਚਨਾਵਾਂ ਰਾਹੀਂ ਸਾਹਿਤਕ ਜਗਤ ਨੂੰ ਅਮੁੱਲੀ ਧਰੋਹਰ ਬਖ਼ਸ਼ੀ।
ਤਰਲੋਚਨ ਸਿੰਘ ਦੀ ਲੋਕ ਸੇਵਾ ਨੂੰ ਵੀ ਮਿਲੀ ਸਰਾਹਨਾ
ਪੰਜਾਬ ਕਲਾ ਪਰਿਸ਼ਦ ਦੇ ਵਾਈਸ ਚੇਅਰਮੈਨ ਡਾ. ਯੋਗਰਾਜ ਨੇ ਤਰਲੋਚਨ ਸਿੰਘ ਦਾ ਸਨਮਾਨ ਪੱਤਰ ਪੜ੍ਹਦਿਆਂ ਉਨ੍ਹਾਂ ਦੇ ਵਿਸ਼ਾਲ ਜਨ-ਜੀਵਨ ‘ਤੇ ਰੌਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਸ. ਤਰਲੋਚਨ ਸਿੰਘ ਨੇ ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ, ਪੰਜਾਬ ਦੇ ਮੁੱਖ ਮੰਤਰੀ ਦਫ਼ਤਰ, ਭਾਰਤ ਦੇ ਰਾਸ਼ਟਰਪਤੀ ਦਫ਼ਤਰ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਅਤੇ ਰਾਜ ਸਭਾ ਸਮੇਤ ਕਈ ਅਹਿਮ ਅਹੁਦਿਆਂ ‘ਤੇ ਦੇਸ਼ ਦੀ ਸੇਵਾ ਕੀਤੀ। ਖੇਡਾਂ ਦੇ ਖੇਤਰ ਵਿੱਚ ਵੀ ਉਹ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਹੇ ਅਤੇ ਸਾਲ 2021 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਗਏ।
ਉੱਘੀਆਂ ਸ਼ਖ਼ਸੀਅਤਾਂ ਦੀ ਰਹੀ ਹਾਜ਼ਰੀ
ਸਮਾਗਮ ਦੀ ਸ਼ੁਰੂਆਤ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਹੋਈ। ਅੰਤ ਵਿੱਚ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਮਾਲਵਿੰਦਰ ਸਿੰਘ ਜੱਗੀ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਾ. ਗੁਰਸ਼ਰਨ ਕੌਰ ਜੱਗੀ, ਮਨਵੇਸ਼ ਸਿੰਘ ਸਿੱਧੂ, ਜਸਵੰਤ ਸਿੰਘ ਜ਼ਫ਼ਰ, ਗੁਲਜ਼ਾਰ ਸਿੰਘ ਸੰਧੂ, ਡਾ. ਦੀਪਕ ਮਨਮੋਹਨ ਸਿੰਘ, ਪਦਮ ਸ਼੍ਰੀ ਪ੍ਰਾਣ ਸੱਭਰਵਾਲ, ਪਦਮ ਸ਼੍ਰੀ ਜਗਜੀਤ ਸਿੰਘ ਦਰਦੀ ਸਮੇਤ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਜਗਤ ਦੀਆਂ ਅਨੇਕਾਂ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਰਹੀਆਂ।
