Saturday, June 6Punjabi People

ਪੇਂਡੂ ਬੁਨਿਆਦੀ ਢਾਂਚੇ ਨੂੰ ਵੱਡਾ ਬਲ, ਹਰਪਾਲ ਸਿੰਘ ਚੀਮਾ ਵੱਲੋਂ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਲੋਕ ਅਰਪਣ

ਚੰਡੀਗੜ੍ਹ/ਦਿੜ੍ਹਬਾ/ਲਹਿਰਾਗਾਗਾ, 31 ਮਈ 2026: ਪੰਜਾਬ ਸਰਕਾਰ ਵੱਲੋਂ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ, ਲਹਿਰਾਗਾਗਾ ਅਤੇ ਬਾਘਰੌਲ ਖੇਤਰਾਂ ਨੂੰ ਵੱਡੀ ਵਿਕਾਸੀ ਸੌਗਾਤ ਮਿਲੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 18.76 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਸੜਕੀ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਕਈ ਨਵੇਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ।

ਇਨ੍ਹਾਂ ਪ੍ਰੋਜੈਕਟਾਂ ਨਾਲ ਨਾ ਸਿਰਫ਼ ਪੇਂਡੂ ਖੇਤਰਾਂ ਦੀ ਆਵਾਜਾਈ ਸੁਵਿਧਾਜਨਕ ਬਣੇਗੀ, ਸਗੋਂ ਖੇਤੀਬਾੜੀ, ਵਪਾਰਕ ਗਤੀਵਿਧੀਆਂ ਅਤੇ ਸਥਾਨਕ ਆਰਥਿਕਤਾ ਨੂੰ ਵੀ ਨਵਾਂ ਹੁਲਾਰਾ ਮਿਲੇਗਾ। ਸੜਕਾਂ ਦੇ ਸੁਧਾਰ ਨਾਲ ਹਜ਼ਾਰਾਂ ਪਿੰਡ ਵਾਸੀਆਂ ਨੂੰ ਹਰ ਮੌਸਮ ਵਿੱਚ ਬਿਹਤਰ ਆਵਾਜਾਈ ਦੀ ਸਹੂਲਤ ਮਿਲੇਗੀ ਅਤੇ ਲੰਬੇ ਸਮੇਂ ਤੋਂ ਚੱਲ ਰਹੀਆਂ ਸੁਰੱਖਿਆ ਅਤੇ ਆਵਾਜਾਈ ਸਬੰਧੀ ਸਮੱਸਿਆਵਾਂ ਦਾ ਹੱਲ ਹੋਵੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਪੰਜਾਬ ਦੀ ਤਸਵੀਰ ਬਦਲਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ ਕਰੀਬ 40,000 ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਅਤੇ ਅਪਗ੍ਰੇਡ ਕਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਤਾਂ ਜੋ ਪਿੰਡਾਂ ਨੂੰ ਬਿਹਤਰ ਸੰਪਰਕ ਅਤੇ ਮਿਆਰੀ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਪਿੰਡ ਡਸਕਾ ਵਿੱਚ ਵੱਡੇ ਜਨ ਸਮਾਗਮ ਦੌਰਾਨ ਵਿੱਤ ਮੰਤਰੀ ਨੇ ਬਛੂਆਣਾ ਤੋਂ ਬਰੇਟਾ ਨੂੰ ਡਸਕਾ ਅਤੇ ਬਹਾਦਰਪੁਰ ਰਾਹੀਂ ਜੋੜਨ ਵਾਲੀ 10.5 ਕਿਲੋਮੀਟਰ ਲੰਬੀ ਸੜਕ ਲੋਕਾਂ ਨੂੰ ਸਮਰਪਿਤ ਕੀਤੀ। 7.15 ਕਰੋੜ ਰੁਪਏ ਦੀ ਲਾਗਤ ਨਾਲ ਇਸ ਸੜਕ ਨੂੰ 12 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨਾਲ ਟਰੈਫਿਕ ਦਾ ਦਬਾਅ ਘਟੇਗਾ, ਸੜਕ ਸੁਰੱਖਿਆ ਵਿੱਚ ਸੁਧਾਰ ਆਵੇਗਾ ਅਤੇ ਯਾਤਰਾ ਹੋਰ ਆਰਾਮਦਾਇਕ ਬਣੇਗੀ।

ਇਸ ਤੋਂ ਇਲਾਵਾ ਡਸਕਾ ਅਤੇ ਖੱਤਰੀਵਾਲਾ ਨੂੰ ਜੋੜਨ ਵਾਲੀ 4 ਕਿਲੋਮੀਟਰ ਲੰਬੀ ਨਵੀਂ ਪੱਕੀ ਸੜਕ ਵੀ ਲੋਕ ਅਰਪਣ ਕੀਤੀ ਗਈ, ਜਿਸ ‘ਤੇ 1.27 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਾਲਾਂ ਤੋਂ ਕੱਚੇ ਰਸਤੇ ‘ਤੇ ਨਿਰਭਰ ਰਹਿਣ ਵਾਲੇ ਲੋਕਾਂ ਨੂੰ ਹੁਣ ਹਰ ਮੌਸਮ ਵਿੱਚ ਸੁਵਿਧਾਜਨਕ ਆਵਾਜਾਈ ਦੀ ਸਹੂਲਤ ਮਿਲੇਗੀ।

ਧਾਰਮਿਕ ਅਤੇ ਸਮਾਜਿਕ ਪੱਖੋਂ ਮਹੱਤਵਪੂਰਨ ਡੇਰਾ ਬਾਬਾ ਧੌਲਾ ਪੀਰ ਨੂੰ ਜਾਣ ਵਾਲੀ 1 ਕਿਲੋਮੀਟਰ ਲੰਬੀ ਲਿੰਕ ਸੜਕ ਵੀ 34.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਇਸ ਸੜਕ ਨਾਲ ਸ਼ਰਧਾਲੂਆਂ ਅਤੇ ਇਲਾਕਾ ਵਾਸੀਆਂ ਦੀ ਆਵਾਜਾਈ ਕਾਫ਼ੀ ਆਸਾਨ ਹੋ ਜਾਵੇਗੀ।

ਬਾਘਰੌਲ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੀ ਹੈ। ਵਿੱਤ ਮੰਤਰੀ ਨੇ ਕਰੀਬ 10 ਕਰੋੜ ਰੁਪਏ ਦੇ ਵਿਕਾਸੀ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੀਆਂ ਰਸਮਾਂ ਅਦਾ ਕੀਤੀਆਂ। ਉਨ੍ਹਾਂ ਬਾਘਰੌਲ ਤੋਂ ਬੁਜਰਕ ਤੱਕ 3 ਕਿਲੋਮੀਟਰ ਲੰਬੀ ਸੜਕ ਦੀ ਉਸਾਰੀ ਦਾ ਐਲਾਨ ਕੀਤਾ, ਜਿਸ ‘ਤੇ 1.10 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਨਾਲ ਹੀ ਬਾਘਰੌਲ ਨੂੰ ਬੁਰਜ ਟਿੱਲਾ ਅਤੇ ਖੇੜੀ ਨਗਾਈਆਂ ਨਾਲ ਜੋੜਨ ਵਾਲੀ 2.35 ਕਿਲੋਮੀਟਰ ਸੜਕ ‘ਤੇ ਵੀ ਇੱਕ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ।

ਉਨ੍ਹਾਂ ਦੱਸਿਆ ਕਿ ਬਾਘਰੌਲ ਅਤੇ ਬਲਮਗੜ੍ਹ ਨੂੰ ਜੋੜਨ ਵਾਲੀ 2.75 ਕਿਲੋਮੀਟਰ ਸੜਕ ‘ਤੇ 1.16 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਮੁਕੰਮਲ ਕੀਤਾ ਗਿਆ ਹੈ। ਇਸ ਖੇਤਰ ਵਿੱਚ ਲਗਭਗ 12 ਕਿਲੋਮੀਟਰ ਪੁਰਾਣੀਆਂ ਕੱਚੀਆਂ ਸੜਕਾਂ ਨੂੰ ਪੱਕੀਆਂ ਸੜਕਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਦਹਾਕਿਆਂ ਤੋਂ ਅਣਦੇਖੀ ਹੋ ਰਹੀ ਸੀ। ਇਸ ਕੰਮ ‘ਤੇ 5.25 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾ ਰਹੀ ਹੈ।

ਇਸ ਮੌਕੇ ਇੱਕ ਨਵੇਂ ਪੁਲ ਦਾ ਉਦਘਾਟਨ ਵੀ ਕੀਤਾ ਗਿਆ, ਜਿਸ ਨਾਲ ਦੋ ਮਹੱਤਵਪੂਰਨ ਪਿੰਡਾਂ ਵਿਚਕਾਰ ਆਵਾਜਾਈ ਹੋਰ ਮਜ਼ਬੂਤ ਹੋਵੇਗੀ ਅਤੇ ਲੋਕਾਂ ਨੂੰ ਲੰਮੇ ਚੱਕਰ ਲਗਾਉਣ ਤੋਂ ਰਾਹਤ ਮਿਲੇਗੀ।

ਚੱਲ ਰਹੇ ਵਿਕਾਸੀ ਕੰਮਾਂ ਦੀ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਬਾਘਰੌਲ ਤੋਂ ਖੇੜੀ ਦਗਾਈਆਂ ਤੱਕ ਪਿੰਡ ਦੀ ਫਿਰਨੀ ਸਮੇਤ ਲਗਭਗ 4 ਕਿਲੋਮੀਟਰ ਸੜਕ 1.83 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਇਸ ਦੇ ਨਾਲ ਬਾਘਰੌਲ ਨੂੰ ਕੰਗਰੌੜੀ ਅਤੇ ਕਮਾਲਪੁਰ ਨਾਲ ਜੋੜਨ ਵਾਲੀਆਂ ਸੜਕਾਂ ਦੇ ਚੌੜੀਕਰਨ ਦਾ ਕੰਮ 4.50 ਕਰੋੜ ਰੁਪਏ ਦੀ ਲਾਗਤ ਨਾਲ ਜਾਰੀ ਹੈ।

ਉਨ੍ਹਾਂ ਕਿਹਾ ਕਿ ਬਾਘਰੌਲ ਖੇਤਰ ਦੇ ਆਲੇ-ਦੁਆਲੇ ਕਰੀਬ 19 ਕਿਲੋਮੀਟਰ ਸੜਕਾਂ ਦੀ ਉਸਾਰੀ ਅਤੇ ਵਿਸਥਾਰ ਦਾ ਕੰਮ ਚੱਲ ਰਿਹਾ ਹੈ, ਜਿਸ ਨਾਲ ਖੇਤੀਬਾੜੀ ਖੇਤਰ ਨੂੰ ਵੱਡਾ ਲਾਭ ਮਿਲੇਗਾ। ਕਿਸਾਨਾਂ ਲਈ ਮੰਡੀਆਂ ਤੱਕ ਪਹੁੰਚ ਆਸਾਨ ਹੋਵੇਗੀ, ਆਵਾਜਾਈ ਖਰਚ ਘਟੇਗਾ ਅਤੇ ਸਥਾਨਕ ਵਪਾਰ ਨੂੰ ਵੀ ਨਵਾਂ ਹੁਲਾਰਾ ਮਿਲੇਗਾ।

ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚਕਾਰ ਬੁਨਿਆਦੀ ਢਾਂਚੇ ਦੇ ਪਾੜੇ ਨੂੰ ਖਤਮ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਦੀਆਂ ਸੜਕਾਂ ਦਹਾਕਿਆਂ ਤੋਂ ਵਿਕਾਸ ਦੀ ਉਡੀਕ ਕਰ ਰਹੀਆਂ ਸਨ, ਉਨ੍ਹਾਂ ਨੂੰ ਹੁਣ ਪਹਿਲ ਦੇ ਆਧਾਰ ‘ਤੇ ਮਿਆਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ, ਪੰਚਾਇਤੀ ਨੁਮਾਇੰਦੇ, ਸਰਪੰਚ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸਮਾਜਿਕ ਆਗੂ ਮੌਜੂਦ ਰਹੇ। ਲੋਕਾਂ ਨੇ ਇਨ੍ਹਾਂ ਵਿਕਾਸੀ ਪ੍ਰੋਜੈਕਟਾਂ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਇਨ੍ਹਾਂ ਨਾਲ ਖੇਤਰ ਦੇ ਸਮੁੱਚੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਪੇਂਡੂ ਜੀਵਨ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ।

Leave a Reply

Your email address will not be published. Required fields are marked *