Friday, June 5Punjabi People

ਐੱਸਡੀਐੱਮ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤੇਜ਼ ਕਰਨ ਦੀ ਅਪੀਲ

ਸ੍ਰੀ ਅਨੰਦਪੁਰ ਸਾਹਿਬ, 5 ਜੂਨ 2026: ਉਪ ਮੰਡਲ ਮੈਜਿਸਟ੍ਰੇਟ (ਐੱਸ.ਡੀ.ਐੱਮ.) ਸੁਖਪਾਲ ਸਿੰਘ ਨੇ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਲਾਕਾ ਵਾਸੀਆਂ ਤੋਂ ਸਰਗਰਮ ਸਹਿਯੋਗ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਜਾਗਰੂਕ ਨਾਗਰਿਕ ਦਾ ਫ਼ਰਜ਼ ਹੈ ਕਿ ਉਹ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਖਤਮ ਕਰਨ ਲਈ ਆਪਣਾ ਯੋਗਦਾਨ ਪਾਵੇ।

ਐੱਸ.ਡੀ.ਐੱਮ. ਨੇ ਕਿਹਾ ਕਿ ਨਸ਼ਾ-ਮੁਕਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਨਸ਼ਾ ਰੋਕਥਾਮ ਲਈ ਤਿਆਰ ਕੀਤੀ ਗਈ ਐੱਸ.ਓ.ਪੀ. ਦੇ ਕੰਮਾਂ ਦੀ ਸਮੀਖਿਆ ਵੀ ਕੀਤੀ ਅਤੇ ਕਨਵੀਨਰਾਂ, ਐਕਟਿੰਗ ਪ੍ਰਧਾਨਾਂ ਅਤੇ ਬਲਾਕ ਕੋਆਰਡੀਨੇਟਰਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਜੁੜੀ ਕੋਈ ਵੀ ਸ਼ੱਕੀ ਗਤੀਵਿਧੀ ਸਾਹਮਣੇ ਆਉਣ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਉਸ ਨੂੰ ਰੋਕਿਆ ਜਾਵੇ।

ਇਸ ਮੌਕੇ ਡਾ. ਸੰਜੀਵ ਗੌਤਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਸਫ਼ਲਤਾ ਵੱਲ ਵੱਧ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਯਤਨਾਂ ਕਾਰਨ ਇਲਾਕੇ ਵਿੱਚ ਨਸ਼ਿਆਂ ਦੇ ਪ੍ਰਭਾਵ ਨੂੰ ਘਟਾਉਣ ਵਿੱਚ ਮਦਦ ਮਿਲੀ ਹੈ।

ਡੀ.ਐੱਸ.ਪੀ. ਨੰਗਲ ਨਵੀਨ ਕੁਮਾਰ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਦਾ ਹੱਲ ਸਮੇਂ ਸਿਰ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇ।

ਤਹਿਸੀਲਦਾਰ ਨੰਗਲ ਮੇਜਰ ਡਾ. ਸੁਮਿਤ ਸਿੰਘ ਢਿੱਲੋਂ ਨੇ ਕਿਹਾ ਕਿ ਨੌਜਵਾਨ ਵਰਗ ਨਸ਼ਿਆਂ ਨੂੰ ਨਕਾਰ ਕੇ ਸਿਹਤਮੰਦ ਅਤੇ ਉੱਜਵਲ ਭਵਿੱਖ ਵੱਲ ਅੱਗੇ ਵੱਧ ਰਿਹਾ ਹੈ। ਜ਼ਿਲ੍ਹਾ ਕੋਆਰਡੀਨੇਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਸੰਦੇਸ਼ ਨੂੰ ਨੌਜਵਾਨਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ, ਜੋ ਕਿ ਹੌਸਲਾ ਅਫ਼ਜ਼ਾਈ ਵਾਲੀ ਗੱਲ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਸਮਾਜ ਦੇ ਹਰ ਵਰਗ ਦੇ ਸਹਿਯੋਗ ਨਾਲ ਨਸ਼ਾ-ਮੁਕਤ ਪੰਜਾਬ ਦਾ ਸੁਪਨਾ ਜਲਦ ਸਾਕਾਰ ਹੋ ਸਕੇਗਾ।

ਮੀਟਿੰਗ ਦੌਰਾਨ ਵੱਖ-ਵੱਖ ਅਧਿਕਾਰੀਆਂ, ਸਮਾਜ ਸੇਵੀਆਂ, ਪੰਚਾਇਤੀ ਨੁਮਾਇੰਦਿਆਂ ਅਤੇ ਐੱਸ.ਓ.ਈ. ਮੈਂਬਰਾਂ ਨੇ ਵੀ ਹਾਜ਼ਰੀ ਭਰੀ ਅਤੇ ਨਸ਼ਾ ਮੁਕਤੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਸੁਝਾਅ ਸਾਂਝੇ ਕੀਤੇ।

Leave a Reply

Your email address will not be published. Required fields are marked *