Tuesday, October 20Punjabi People

ਅੰਮ੍ਰਿਤਸਰ ਏਅਰਪੋਰਟ ਨੇੜੇ ਡਰੋਨ ਦੀ ਗਤੀਵਿਧੀ, ਸੁਰੱਖਿਆ ਕਾਰਨਾਂ ਕਰਕੇ 3 ਉਡਾਣਾਂ ਡਾਇਵਰਟ

ਅੰਮ੍ਰਿਤਸਰ,12 ਅਕਤੂਬਰ 2026: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਸ਼ੱਕੀ ਡਰੋਨ ਗਤੀਵਿਧੀ ਦੇਖੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਸੋਮਵਾਰ ਰਾਤ ਕਰੀਬ 9 ਵਜੇ ਰਾਜਾਸਾਂਸੀ ਨੇੜਲੇ ਇੱਕ ਪਿੰਡ ਵਿੱਚ ਡਰੋਨ ਵਰਗੀ ਗਤੀਵਿਧੀ ਦੇਖੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਅੰਮ੍ਰਿਤਸਰ ਪਹੁੰਚਣ ਵਾਲੀਆਂ ਤਿੰਨ ਉਡਾਣਾਂ ਦੇ ਰੂਟ ਬਦਲ ਦਿੱਤੇ ਗਏ।

ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਏਅਰ ਇੰਡੀਆ ਦੀ ਉਡਾਣ AI-855 ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਮੁੰਬਈ ਤੋਂ ਆ ਰਹੀ ਇੰਡੀਗੋ ਦੀ ਉਡਾਣ 6E-5028 ਨੂੰ ਚੰਡੀਗੜ੍ਹ ਵੱਲ ਡਾਇਵਰਟ ਕੀਤਾ ਗਿਆ, ਜਦਕਿ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਆ ਰਹੀ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ MH-118 ਨੂੰ ਦਿੱਲੀ ਭੇਜਿਆ ਗਿਆ।

ਘਟਨਾ ਤੋਂ ਬਾਅਦ ਹਵਾਈ ਅੱਡੇ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰਦਿਆਂ ਚੌਕਸੀ ਵਰਤੀ ਜਾ ਰਹੀ ਹੈ। ਹਾਲਾਂਕਿ, ਡਰੋਨ ਗਤੀਵਿਧੀ ਬਾਰੇ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਦੇ ਨਾਲ ਹੀ ਘਟਨਾ ਦੇ ਅਸਲ ਕਾਰਨਾਂ ਅਤੇ ਗਤੀਵਿਧੀ ਦੀ ਪ੍ਰਕਿਰਤੀ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਸਤੰਬਰ ਵਿੱਚ ਵੀ ਸਾਹਮਣੇ ਆਇਆ ਸੀ ਸ਼ੱਕੀ ਡਰੋਨ ਗਤੀਵਿਧੀ ਦਾ ਮਾਮਲਾ

ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਵੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਦੇਰ ਰਾਤ ਸ਼ੱਕੀ ਡਰੋਨ ਗਤੀਵਿਧੀ ਦੀ ਸੂਚਨਾ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸੀ। ਉਸ ਸਮੇਂ ਮੁੱਢਲੀ ਜਾਂਚ ਦੌਰਾਨ ਇਹ ਸੰਭਾਵਨਾ ਜਤਾਈ ਗਈ ਸੀ ਕਿ ਹਵਾਈ ਅੱਡੇ ਦੇ ਨੇੜੇ ਦਿਖਾਈ ਦਿੱਤਾ ਡਰੋਨ ਕਿਸੇ ਖੇਡ ਟੂਰਨਾਮੈਂਟ ਦੀ ਵੀਡੀਓਗ੍ਰਾਫੀ ਲਈ ਉਡਾਇਆ ਗਿਆ ਹੋ ਸਕਦਾ ਹੈ। ਹਾਲਾਂਕਿ, ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਹਵਾਈ ਅੱਡਾ ਪ੍ਰਸ਼ਾਸਨ ਵਿਚਕਾਰ ਮੀਟਿੰਗ ਵੀ ਹੋਈ ਸੀ ਅਤੇ ਜਾਂਚ ਅੱਗੇ ਵਧਾਈ ਗਈ ਸੀ।

ਉਸ ਘਟਨਾ ਦੌਰਾਨ ਹਵਾਈ ਅੱਡੇ ਦੇ ਸੰਚਾਲਨ ਖੇਤਰ ਦੇ ਨੇੜੇ ਦੋ ਸ਼ੱਕੀ ਉੱਡਣ ਵਾਲੀਆਂ ਵਸਤੂਆਂ, ਜਿਨ੍ਹਾਂ ਦੇ ਡਰੋਨ ਹੋਣ ਦਾ ਸ਼ੱਕ ਸੀ, ਦੇਖੇ ਜਾਣ ਦੀ ਸੂਚਨਾ ਮਿਲੀ ਸੀ। ਰਨਵੇਅ ਦੇ ਨੇੜੇ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਮਿਲਣ ’ਤੇ ਏਅਰ ਟ੍ਰੈਫਿਕ ਕੰਟਰੋਲ (ATC) ਵੱਲੋਂ ਤੁਰੰਤ ਅਲਰਟ ਜਾਰੀ ਕੀਤਾ ਗਿਆ ਸੀ।

ਸੁਰੱਖਿਆ ਦੇ ਮੱਦੇਨਜ਼ਰ ਉਸ ਸਮੇਂ ਅੰਮ੍ਰਿਤਸਰ ਆਉਣ ਵਾਲੀਆਂ ਸੱਤ ਉਡਾਣਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਵੱਲ ਡਾਇਵਰਟ ਕਰ ਦਿੱਤਾ ਗਿਆ ਸੀ। ਤਾਜ਼ਾ ਘਟਨਾ ਤੋਂ ਬਾਅਦ ਹੁਣ ਮੁੜ ਹਵਾਈ ਅੱਡੇ ਦੇ ਨੇੜੇ ਸੁਰੱਖਿਆ ਪ੍ਰਬੰਧਾਂ ਅਤੇ ਸ਼ੱਕੀ ਗਤੀਵਿਧੀਆਂ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਗਈ ਹੈ।

Leave a Reply

Your email address will not be published. Required fields are marked *