Wednesday, July 29Punjabi People

ਬੱਚਿਆਂ ਦੀ ਤਸਕਰੀ ਰੋਕਣ ਲਈ ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ, ਡੀਐਨਏ ਟੈਸਟਾਂ ਨਾਲ ਹੋਵੇਗੀ ਸੱਚਾਈ ਦੀ ਪੁਸ਼ਟੀ

ਚੰਡੀਗੜ੍ਹ, 12 ਜੁਲਾਈ 2026: ਪੰਜਾਬ ਸਰਕਾਰ ਨੇ ਸੂਬੇ ਵਿੱਚ ਬੱਚਿਆਂ ਦੀ ਤਸਕਰੀ, ਬਾਲ ਸ਼ੋਸ਼ਣ ਅਤੇ ਭੀਖ ਮੰਗਵਾਉਣ ਵਾਲੇ ਗਿਰੋਹਾਂ ਖ਼ਿਲਾਫ਼ ਵਿਆਪਕ ਮੁਹਿੰਮ ਛੇੜਦਿਆਂ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਇਸ ਵਿਸ਼ੇਸ਼ ਪਹਿਲ ਦਾ ਉਦੇਸ਼ ਸੜਕਾਂ, ਚੌਰਾਹਿਆਂ, ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ‘ਤੇ ਭੀਖ ਮੰਗਣ ਲਈ ਮਜਬੂਰ ਕੀਤੇ ਜਾ ਰਹੇ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸ਼ੋਸ਼ਣ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾਉਣਾ ਹੈ।

ਇਸ ਮੁਹਿੰਮ ਤਹਿਤ ਪੰਜਾਬ ਸਰਕਾਰ ਨੇ ‘ਪ੍ਰੋਜੈਕਟ ਜੀਵਨਜੋਤ 2.0’ ਸ਼ੁਰੂ ਕੀਤਾ ਹੈ, ਜਿਸ ਅਧੀਨ ਭੀਖ ਮੰਗਦੇ ਮਿਲਣ ਵਾਲੇ ਬੱਚਿਆਂ ਦੀ ਪਛਾਣ ਅਤੇ ਉਨ੍ਹਾਂ ਨਾਲ ਮੌਜੂਦ ਬਾਲਗਾਂ ਨਾਲ ਰਿਸ਼ਤੇ ਦੀ ਪੁਸ਼ਟੀ ਲਈ ਡੀਐਨਏ ਟੈਸਟ ਕਰਵਾਏ ਜਾ ਰਹੇ ਹਨ। ਸਰਕਾਰ ਦਾ ਮੰਨਣਾ ਹੈ ਕਿ ਕਈ ਮਾਮਲਿਆਂ ਵਿੱਚ ਬੱਚਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਤਸਕਰੀ ਕਰਕੇ ਜਾਂ ਅਗਵਾ ਕਰਕੇ ਭੀਖ ਮੰਗਣ ਲਈ ਵਰਤਿਆ ਜਾਂਦਾ ਹੈ। ਇਸ ਲਈ ਅਸਲ ਸੱਚਾਈ ਸਾਹਮਣੇ ਲਿਆਉਣ ਅਤੇ ਅਜਿਹੇ ਗਿਰੋਹਾਂ ਨੂੰ ਬੇਨਕਾਬ ਕਰਨ ਲਈ ਡੀਐਨਏ ਜਾਂਚ ਇੱਕ ਪ੍ਰਭਾਵਸ਼ਾਲੀ ਕਦਮ ਸਾਬਤ ਹੋਵੇਗੀ।

ਪੰਜਾਬ ਸਰਕਾਰ ਨੇ ਜਾਣਕਾਰੀ ਦਿੱਤੀ ਕਿ ‘ਪ੍ਰੋਜੈਕਟ ਜੀਵਨਜੋਤ’ ਅਤੇ ‘ਪ੍ਰੋਜੈਕਟ ਜੀਵਨਜੋਤ 2.0’ ਤਹਿਤ ਹੁਣ ਤੱਕ 704 ਬੱਚਿਆਂ ਨੂੰ ਭੀਖ ਮੰਗਵਾਉਣ ਵਾਲੇ ਰੈਕੇਟਾਂ ਅਤੇ ਸ਼ੋਸ਼ਣ ਦੇ ਚੁੰਗਲ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਕਈ ਬੱਚਿਆਂ ਨੂੰ ਉਨ੍ਹਾਂ ਦੇ ਅਸਲ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ, ਜਦਕਿ ਹੋਰਨਾਂ ਨੂੰ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਨਾਲ ਜੋੜ ਕੇ ਉਨ੍ਹਾਂ ਦੀ ਸਿੱਖਿਆ ਅਤੇ ਸਮੁੱਚੇ ਵਿਕਾਸ ਦਾ ਪ੍ਰਬੰਧ ਕੀਤਾ ਗਿਆ ਹੈ।

ਸਰਕਾਰ ਨੇ ਸਪੱਸ਼ਟ ਕੀਤਾ ਕਿ ਜੇਕਰ ਡੀਐਨਏ ਟੈਸਟਾਂ ਰਾਹੀਂ ਇਹ ਸਾਬਤ ਹੁੰਦਾ ਹੈ ਕਿ ਭੀਖ ਮੰਗ ਰਹੇ ਬੱਚੇ ਨਾਲ ਮੌਜੂਦ ਵਿਅਕਤੀ ਉਸ ਦਾ ਅਸਲ ਮਾਪੇ ਜਾਂ ਕਾਨੂੰਨੀ ਸਰਪ੍ਰਸਤ ਨਹੀਂ ਹੈ, ਤਾਂ ਉਸ ਵਿਅਕਤੀ ਖ਼ਿਲਾਫ਼ ਤੁਰੰਤ ਐਫ਼ਆਈਆਰ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਨੁੱਖੀ ਤਸਕਰੀ ਅਤੇ ਬਾਲ ਸ਼ੋਸ਼ਣ ਨਾਲ ਜੁੜੇ ਪੂਰੇ ਨੈੱਟਵਰਕ ਦੀ ਵੀ ਜਾਂਚ ਕੀਤੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਬੱਚੇ ਨੂੰ ਸੁਰੱਖਿਅਤ ਬਚਪਨ, ਗੁਣਵੱਤਾ ਭਰਪੂਰ ਸਿੱਖਿਆ ਅਤੇ ਸਨਮਾਨਜਨਕ ਜੀਵਨ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਗਿਰੋਹ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਅਪਰਾਧਾਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।

ਇਸ ਮੁਹਿੰਮ ਤਹਿਤ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਧਾਰਮਿਕ ਸਥਾਨਾਂ, ਟਰੈਫ਼ਿਕ ਚੌਰਾਹਿਆਂ ਅਤੇ ਹੋਰ ਜਨਤਕ ਥਾਵਾਂ ‘ਤੇ ਵਿਸ਼ੇਸ਼ ਛਾਪੇਮਾਰੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੁਲਿਸ ਅਤੇ ਬਾਲ ਸੁਰੱਖਿਆ ਇਕਾਈਆਂ ਆਪਸੀ ਤਾਲਮੇਲ ਨਾਲ ਇਸ ਮੁਹਿੰਮ ਨੂੰ ਅੰਜਾਮ ਦੇ ਰਹੀਆਂ ਹਨ।

ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਨੂੰ ਵੀ ਇਸ ਸਮਾਜਿਕ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਸੜਕਾਂ ‘ਤੇ ਭੀਖ ਮੰਗਦੇ ਬੱਚਿਆਂ ਜਾਂ ਵਿਅਕਤੀਆਂ ਨੂੰ ਨਕਦ ਭੀਖ ਦੇਣ ਦੀ ਬਜਾਏ, ਜੇਕਰ ਕੋਈ ਬੱਚਾ ਭੀਖ ਮੰਗਦਾ ਦਿਖਾਈ ਦੇਵੇ ਤਾਂ ਤੁਰੰਤ 1098 ਚਾਈਲਡ ਹੈਲਪਲਾਈਨ ‘ਤੇ ਸੂਚਨਾ ਦੇਣ। ਇਸ ਨਾਲ ਸਬੰਧਤ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਬੱਚੇ ਨੂੰ ਸੁਰੱਖਿਆ, ਦੇਖਭਾਲ, ਕਾਊਂਸਲਿੰਗ ਅਤੇ ਲੋੜ ਪੈਣ ‘ਤੇ ਸਿੱਖਿਆ ਅਤੇ ਮੁੜ ਵਸੇਬੇ ਦੀਆਂ ਸਹੂਲਤਾਂ ਪ੍ਰਦਾਨ ਕਰ ਸਕਣਗੀਆਂ।

ਪੰਜਾਬ ਸਰਕਾਰ ਨੇ ਦੁਹਰਾਇਆ ਕਿ ‘ਪ੍ਰੋਜੈਕਟ ਜੀਵਨਜੋਤ 2.0’ ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਹਰ ਬੱਚੇ ਨੂੰ ਸ਼ੋਸ਼ਣ ਤੋਂ ਮੁਕਤ, ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਦੇਣ ਵੱਲ ਇੱਕ ਵੱਡਾ ਸਮਾਜਿਕ ਕਦਮ ਹੈ, ਜਿਸ ਨੂੰ ਲੋਕਾਂ ਦੇ ਸਹਿਯੋਗ ਨਾਲ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।

Leave a Reply

Your email address will not be published. Required fields are marked *