
ਚੰਡੀਗੜ੍ਹ, 23 ਮਈ 2026: ਪੰਜਾਬ ਵਿੱਚ ਗੈਂਗਸਟਰਾਂ ਅਤੇ ਨਸ਼ਾ ਤਸਕਰੀ ਖ਼ਿਲਾਫ਼ ਚੱਲ ਰਹੀਆਂ ਵੱਡੀਆਂ ਮੁਹਿੰਮਾਂ ਤਹਿਤ ਪੰਜਾਬ ਪੁਲਿਸ ਨੇ ਅੱਜ ਵੱਡੀ ਕਾਰਵਾਈ ਕੀਤੀ ਹੈ। “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਦੇ 123ਵੇਂ ਦਿਨ ਸੂਬੇ ਭਰ ਵਿੱਚ ਗੈਂਗਸਟਰਾਂ ਨਾਲ ਜੁੜੇ ਅਤੇ ਉਨ੍ਹਾਂ ਦੇ ਸਾਥੀ ਮੰਨੇ ਜਾਂਦੇ ਵਿਅਕਤੀਆਂ ਦੇ ਪਹਿਲਾਂ ਤੋਂ ਪਛਾਣੇ ਗਏ 488 ਟਿਕਾਣਿਆਂ ‘ਤੇ ਇਕੱਠੇ ਛਾਪੇਮਾਰੀ ਕੀਤੀ ਗਈ।
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਦੇ ਟੀਚੇ ਤਹਿਤ ਲਗਾਤਾਰ ਚੱਲ ਰਹੀ ਸਖ਼ਤ ਮੁਹਿੰਮ ਦਾ ਹਿੱਸਾ ਹੈ, ਜੋ 20 ਜਨਵਰੀ 2026 ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਸਾਰੀ ਕਾਰਵਾਈ ਨੂੰ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਦੇ ਤਾਲਮੇਲ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ।
ਅੱਜ ਦੀ ਕਾਰਵਾਈ ਦੌਰਾਨ 222 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ ਕੁਝ ਕੋਲੋਂ ਚਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਨਾਲ ਇਸ ਮੁਹਿੰਮ ਦੇ ਸ਼ੁਰੂ ਤੋਂ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 31,430 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ, 101 ਲੋਕਾਂ ਖ਼ਿਲਾਫ਼ ਰੋਕਥਾਮੀ ਕਾਰਵਾਈ ਕੀਤੀ ਗਈ, ਜਦਕਿ ਪੁੱਛਗਿੱਛ ਤੋਂ ਬਾਅਦ 12 ਵਿਅਕਤੀਆਂ ਨੂੰ ਛੱਡ ਦਿੱਤਾ ਗਿਆ। ਪੁਲਿਸ ਨੇ ਚਾਰ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਗੈਂਗਸਟਰਾਂ ਜਾਂ ਅਪਰਾਧਕ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ‘ਤੇ ਗੁਪਤ ਤਰੀਕੇ ਨਾਲ ਸਾਂਝੀ ਕਰ ਸਕਦੇ ਹਨ।
ਇਸੇ ਦੌਰਾਨ, ਨਸ਼ਿਆਂ ਖ਼ਿਲਾਫ਼ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵੀ 448ਵੇਂ ਦਿਨ ਜਾਰੀ ਰਹੀ। ਇਸ ਤਹਿਤ ਅੱਜ 113 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 12.4 ਕਿਲੋਗ੍ਰਾਮ ਹੈਰੋਇਨ, 279 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ ਕਰੀਬ 2700 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਹੁਣ ਤੱਕ ਇਸ ਮੁਹਿੰਮ ਦੇ ਦੌਰਾਨ ਕੁੱਲ 65,306 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਨਾਲ ਹੀ, ਨਸ਼ਾ ਛੁਡਾਉਣ ਅਤੇ ਪੁਨਰਵਾਸ ਲਈ ਵੀ ਯਤਨ ਜਾਰੀ ਹਨ, ਜਿਸ ਤਹਿਤ ਅੱਜ 15 ਵਿਅਕਤੀਆਂ ਨੂੰ ਇਲਾਜ ਲਈ ਰਾਜ਼ੀ ਕੀਤਾ ਗਿਆ ਹੈ, ਤਾਂ ਜੋ ਉਹ ਨਸ਼ੇ ਦੀ ਲਤ ਤੋਂ ਬਾਹਰ ਆ ਸਕਣ।