
ਚੰਡੀਗੜ੍ਹ, 13 ਅਗਸਤ 2026: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈਕਮਾਨ ਨੇ ਆਪਣੀਆਂ ਸਿਆਸੀ ਅਤੇ ਸੰਗਠਨਾਤਮਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸੰਸਦ ਦੇ ਮਾਨਸੂਨ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਇਸ ਮਹੀਨੇ ਪੰਜਾਬ ਦੌਰੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਰਾਹੁਲ ਗਾਂਧੀ ਆਪਣੇ ਸੰਭਾਵੀ ਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰੇ ਰਾਹੀਂ ਪੰਜਾਬ ਵਿੱਚ ਕਾਂਗਰਸ ਦੀ 2027 ਦੀ ਚੋਣੀ ਮੁਹਿੰਮ ਨੂੰ ਰਫ਼ਤਾਰ ਦੇਣ ਦਾ ਸੰਕੇਤ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੇ ਨਾਲ ਪਾਰਟੀ ਦੇ ਕਈ ਸੀਨੀਅਰ ਆਗੂਆਂ ਦੇ ਵੀ ਪੰਜਾਬ ਆਉਣ ਦੀ ਸੰਭਾਵਨਾ ਹੈ।
ਰਾਹੁਲ ਗਾਂਧੀ ਦੇ ਸੰਭਾਵੀ ਦੌਰੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਾਰਟੀ ਵੱਲੋਂ ਸੂਬੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਆਗੂਆਂ ਅਤੇ ਵਰਕਰਾਂ ਵਿੱਚ ਤਾਲਮੇਲ ਵਧਾਉਣ ਅਤੇ 2027 ਦੀ ਚੋਣ ਰਣਨੀਤੀ ਨੂੰ ਲੈ ਕੇ ਵਿਚਾਰ-ਵਟਾਂਦਰੇ ਦਾ ਦੌਰ ਤੇਜ਼ ਹੋਣ ਦੇ ਆਸਾਰ ਹਨ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਲਗਾਤਾਰ ਦਿੱਲੀ ਪਹੁੰਚ ਕੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਮੁਲਾਕਾਤਾਂ ਕਰ ਰਹੇ ਹਨ। ਇਨ੍ਹਾਂ ਬੈਠਕਾਂ ਦੌਰਾਨ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਪਾਰਟੀ ਦੇ ਸੰਗਠਨਾਤਮਕ ਢਾਂਚੇ, ਵਿਧਾਇਕਾਂ ਦੀ ਭੂਮਿਕਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਜਾ ਰਹੀ ਹੈ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਾਲ ਹੀ ਵਿੱਚ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪੰਜਾਬ ਕਾਂਗਰਸ ਨਾਲ ਜੁੜੇ ਕਈ ਅਹਿਮ ਸਿਆਸੀ ਅਤੇ ਸੰਗਠਨਾਤਮਕ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਣ ਦੀ ਗੱਲ ਸਾਹਮਣੇ ਆਈ ਹੈ। ਬਾਜਵਾ ਨੇ ਰਾਹੁਲ ਗਾਂਧੀ ਨੂੰ ਪੰਜਾਬ ਕਾਂਗਰਸ ਦੇ ਵਿਧਾਇਕਾਂ ਨਾਲ ਵੀ ਮੁਲਾਕਾਤ ਕਰਨ ਦੀ ਅਪੀਲ ਕੀਤੀ ਹੈ।
ਕਾਂਗਰਸ ਲਈ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਅਜਿਹੇ ਵਿੱਚ ਕੇਂਦਰੀ ਲੀਡਰਸ਼ਿਪ ਵੱਲੋਂ ਸੂਬੇ ਵਿੱਚ ਪਾਰਟੀ ਦੀਆਂ ਸਰਗਰਮੀਆਂ ਵਧਾਉਣ ਅਤੇ ਸੰਗਠਨ ਨੂੰ ਚੋਣਾਂ ਲਈ ਤਿਆਰ ਕਰਨ ਦੀ ਕਵਾਇਦ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ ਕੀਤੇ ਜਾਣ ਦੀ ਸੰਭਾਵਨਾ ਹੈ। ਰਾਹੁਲ ਗਾਂਧੀ ਦਾ ਸੰਭਾਵੀ ਪੰਜਾਬ ਦੌਰਾ ਵੀ ਇਸੇ ਚੋਣੀ ਰਣਨੀਤੀ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।
