
ਅੰਮ੍ਰਿਤਸਰ, 12 ਜੂਨ 2026: ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ੍ਰੀ ਸਾਹਿਬ ਚੁੱਕਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਹਲਕਾ ਕੇਂਦਰੀ ਦੇ ਏਸੀਪੀ ਸੁਰਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਕਰਮਾ ਨਿਗਰਾਨ ਬਲਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਏਸੀਪੀ ਅਨੁਸਾਰ 11 ਜੂਨ ਨੂੰ ਇੱਕ ਨੌਜਵਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿੱਚ ਦਾਖਲ ਹੋਇਆ ਅਤੇ ਉੱਥੇ ਸਥਾਪਿਤ ਸ੍ਰੀ ਸਾਹਿਬ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ ‘ਤੇ ਮੌਜੂਦ ਸੇਵਾਦਾਰਾਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਚੌਕਸੀ ਦਿਖਾਉਂਦਿਆਂ ਉਸ ਦੀ ਹਰਕਤ ਨੂੰ ਨਾਕਾਮ ਕਰ ਦਿੱਤਾ ਅਤੇ ਉਸ ਨੂੰ ਕਾਬੂ ਕਰ ਲਿਆ।
ਪੁਲਿਸ ਨੇ ਐਸਜੀਪੀਸੀ ਦੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਕੋਤਵਾਲੀ ਵਿੱਚ ਮੁਕੱਦਮਾ ਨੰਬਰ 62/63 ਤਹਿਤ ਬੀਐਨਐਸ ਦੀ ਧਾਰਾ 298 ਅਧੀਨ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਅਜੀਤ ਸਿੰਘ ਵਜੋਂ ਹੋਈ ਹੈ।
ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਸਕੇ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦੀ ਇਸ ਹਰਕਤ ਪਿੱਛੇ ਕੀ ਮਕਸਦ ਸੀ ਅਤੇ ਕੀ ਉਹ ਕਿਸੇ ਹੋਰ ਵਿਅਕਤੀ ਜਾਂ ਗਰੁੱਪ ਨਾਲ ਸੰਪਰਕ ਵਿੱਚ ਸੀ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਮਗਰੋਂ ਸਾਰੇ ਤੱਥ ਜਨਤਕ ਕੀਤੇ ਜਾਣਗੇ।
ਇਸੇ ਦੌਰਾਨ ਮੁਲਜ਼ਮ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਉਹ ਦਾਅਵਾ ਕਰਦਾ ਨਜ਼ਰ ਆ ਰਿਹਾ ਹੈ ਕਿ ਉਹ ਇਕੱਲਾ ਹੀ ਉੱਥੇ ਪਹੁੰਚਿਆ ਸੀ ਅਤੇ ਆਪਣੀ ਮਰਜ਼ੀ ਨਾਲ ਆਇਆ ਸੀ।
ਉਹ ਕਹਿੰਦਾ ਸੁਣਾਈ ਦਿੰਦਾ ਹੈ ਕਿ ਉਹ ਸੱਚ ਬੋਲ ਰਿਹਾ ਹੈ, ਝੂਠ ਨਹੀਂ ਬੋਲ ਰਿਹਾ ਅਤੇ ਉਸ ਨੂੰ ਮੌਤ ਦਾ ਕੋਈ ਡਰ ਨਹੀਂ। ਵੀਡੀਓ ਵਿੱਚ ਉਹ ਇਹ ਵੀ ਕਹਿੰਦਾ ਹੈ ਕਿ ਜੇਕਰ ਉਸ ਤੋਂ ਕੋਈ ਗਲਤੀ ਹੋਈ ਹੈ ਤਾਂ ਉਸ ਖ਼ਿਲਾਫ਼ ਜੋ ਵੀ ਕਾਰਵਾਈ ਬਣਦੀ ਹੈ, ਕੀਤੀ ਜਾ ਸਕਦੀ ਹੈ।
