
ਅੰਮ੍ਰਿਤਸਰ, 29 ਅਕਤੂਬਰ 2026: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਅਤੇ ਗ਼ੈਰ-ਕਾਨੂੰਨੀ ਕਾਰੋਬਾਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਬਿਆਸ ਦੇ ਹਾਈਟੈੱਕ ਨਾਕੇ ’ਤੇ ਚੈਕਿੰਗ ਦੌਰਾਨ ਪੁਲਿਸ ਨੇ ਹਰਿਆਣਾ ਵਾਲੇ ਪਾਸਿਓਂ ਆ ਰਹੇ ਇੱਕ ਸ਼ੱਕੀ ਟਰੱਕ ਵਿੱਚੋਂ 30 ਲੱਖ 80 ਹਜ਼ਾਰ ਮਿਲੀਲੀਟਰ ਈਥਾਨੋਲ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ, ਇਸ ਰਸਾਇਣ ਦੀ ਵਰਤੋਂ ਨਾਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਲਈ ਕੀਤੇ ਜਾਣ ਦਾ ਸ਼ੱਕ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਇਹ ਜ਼ਿਲ੍ਹਾ ਪੁਲਿਸ ਦੇ ਇਤਿਹਾਸ ਵਿੱਚ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਬਰਾਮਦਗੀਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗ਼ੈਰ-ਕਾਨੂੰਨੀ ਸਰਗਰਮੀਆਂ ਅਤੇ ਨਸ਼ਾ ਤਸਕਰੀ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਪੁਖ਼ਤਾ ਗੁਪਤ ਸੂਚਨਾ ਮਿਲਣ ਤੋਂ ਬਾਅਦ ਐੱਸਪੀ (ਡੀ) ਰਮਨਦੀਪ, ਡੀਐੱਸਪੀ ਬਾਬਾ ਬਕਾਲਾ ਸੁਖਪਾਲ, ਡੀਐੱਸਪੀ (ਡੀ) ਗੁਰਿੰਦਰ ਨਾਗਰਾ, ਸੀਆਈਏ ਸਟਾਫ਼ ਇੰਚਾਰਜ ਮਨਮੀਤ ਅਤੇ ਐੱਸਐੱਚਓ ਬਿਆਸ ਮੁਖ਼ਤਿਆਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ।
ਟਰੱਕ ਦੀ ਤਲਾਸ਼ੀ ਦੌਰਾਨ ਈਥਾਨੋਲ ਬਰਾਮਦ
ਪੁਲਿਸ ਵੱਲੋਂ ਬਿਆਸ ਦੇ ਹਾਈਟੈੱਕ ਨਾਕੇ ’ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਹਰਿਆਣਾ ਵਾਲੇ ਪਾਸਿਓਂ ਆ ਰਹੇ ਟਰੱਕ ਨੰਬਰ PB 65 AU 3421 ਨੂੰ ਰੋਕ ਕੇ ਤਲਾਸ਼ੀ ਲਈ ਗਈ। ਜਾਂਚ ਦੌਰਾਨ ਟਰੱਕ ਵਿੱਚੋਂ 30 ਲੱਖ 80 ਹਜ਼ਾਰ ਮਿਲੀਲੀਟਰ ਈਥਾਨੋਲ ਬਰਾਮਦ ਹੋਇਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ। ਇਸ ਸਬੰਧੀ ਥਾਣਾ ਬਿਆਸ ਵਿੱਚ ਆਬਕਾਰੀ ਐਕਟ ਤਹਿਤ ਐੱਫਆਈਆਰ ਨੰਬਰ 336/26 ਦਰਜ ਕੀਤੀ ਗਈ ਹੈ।ਐੱਸਐੱਸਪੀ ਚਾਹਲ ਮੁਤਾਬਕ, ਬਰਾਮਦ ਕੀਤੇ ਗਏ ਰਸਾਇਣ ਤੋਂ ਲਗਭਗ 17,000 ਬੋਤਲਾਂ ਨਾਜਾਇਜ਼ ਸ਼ਰਾਬ ਤਿਆਰ ਕੀਤੇ ਜਾਣ ਦੀ ਸੰਭਾਵਨਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਸ਼ਰਾਬ ਨੂੰ ਤਿਉਹਾਰੀ ਸੀਜ਼ਨ, ਖ਼ਾਸ ਕਰਕੇ ਦੀਵਾਲੀ ਦੇ ਦਿਨਾਂ ਦੌਰਾਨ ਪਿੰਡਾਂ ਵਿੱਚ ਘੱਟ ਕੀਮਤ ’ਤੇ ਵੇਚਣ ਦੀ ਯੋਜਨਾ ਸੀ।
ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਰਨ ਪਹਿਲਾਂ ਵੀ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਸਾਲ 2020 ਸਮੇਤ ਪਿਛਲੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਗ਼ੈਰ-ਕਾਨੂੰਨੀ ਕਾਰੋਬਾਰ ਲੋਕਾਂ ਦੀ ਜਾਨ ਲਈ ਗੰਭੀਰ ਖ਼ਤਰਾ ਬਣ ਸਕਦੇ ਹਨ। ਪੁਲਿਸ ਦੀ ਸਮੇਂ ਸਿਰ ਕਾਰਵਾਈ ਨਾਲ ਸੰਭਾਵੀ ਵੱਡੇ ਹਾਦਸੇ ਨੂੰ ਟਾਲਣ ਵਿੱਚ ਮਦਦ ਮਿਲੀ ਹੈ।
ਕਾਰਾਂ ਰਾਹੀਂ ਪੁਲਿਸ ਨਾਕਿਆਂ ਦੀ ਰੇਕੀ ਕਰਨ ਦਾ ਦੋਸ਼
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਜਤਿੰਦਰ ਵਾਸੀ ਮੱਤੇਵਾਲ ਅਤੇ ਰਾਜੂ ਵਾਸੀ ਗੋਲਡਨ ਗੇਟ, ਅੰਮ੍ਰਿਤਸਰ ਦੇ ਨਾਂ ਕਥਿਤ ਨੈੱਟਵਰਕ ਦੇ ਮੁੱਖ ਸਰਗਨਿਆਂ ਵਜੋਂ ਸਾਹਮਣੇ ਆਏ ਹਨ। ਇਸ ਮਾਮਲੇ ਵਿੱਚ ਰਾਜਵਿੰਦਰ ਸਿੰਘ ਅਤੇ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਪੁਲਿਸ ਅਨੁਸਾਰ, ਜਤਿੰਦਰ ਕਥਿਤ ਤੌਰ ’ਤੇ ਮੁਲਜ਼ਮਾਂ ਨੂੰ ਹਰ ਗੇੜੇ ਦੇ 4,000 ਰੁਪਏ ਦੇ ਕੇ ਹਰਿਆਣਾ ਦੇ ਕਰਨਾਲ ਇਲਾਕੇ ਤੋਂ ਈਥਾਨੋਲ ਲਿਆਉਣ ਲਈ ਕਹਿੰਦਾ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਨੈੱਟਵਰਕ ਨਾਲ ਜੁੜੇ ਵਿਅਕਤੀ ਕ੍ਰੇਟਾ, ਇਨੋਵਾ ਅਤੇ ਫਾਰਚੂਨਰ ਵਰਗੀਆਂ ਗੱਡੀਆਂ ਦੀ ਵਰਤੋਂ ਪੁਲਿਸ ਨਾਕਿਆਂ ਦੀ ਰੇਕੀ ਕਰਨ ਅਤੇ ਟਰੱਕਾਂ ਨੂੰ ਰਸਤਾ ਦਿਖਾਉਣ ਲਈ ਕਰਦੇ ਸਨ।
ਐੱਸਐੱਸਪੀ ਨੇ ਦੱਸਿਆ ਕਿ ਮੁੱਖ ਮੁਲਜ਼ਮ ਜਤਿੰਦਰ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਅਤੇ ਆਬਕਾਰੀ ਐਕਟ ਤਹਿਤ ਮਾਮਲੇ ਦਰਜ ਹੋਣ ਦੀ ਜਾਣਕਾਰੀ ਮਿਲੀ ਹੈ।
ਸਪਲਾਈ ਚੇਨ ਦਾ ਪਤਾ ਲਗਾਉਣ ਲਈ ਜਾਂਚ ਜਾਰੀ
ਪੁਲਿਸ ਅਧਿਕਾਰੀਆਂ ਅਨੁਸਾਰ, ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਤੋਂ ਪੁੱਛਗਿੱਛ ਕਰਕੇ ਕਥਿਤ ਗ਼ੈਰ-ਕਾਨੂੰਨੀ ਨੈੱਟਵਰਕ ਦੀਆਂ ਹੋਰ ਕੜੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਈਥਾਨੋਲ ਦੀ ਸਪਲਾਈ, ਇਸ ਦੇ ਪਿੱਛੇ ਕੰਮ ਕਰ ਰਹੇ ਲੋਕਾਂ ਅਤੇ ਨਾਜਾਇਜ਼ ਸ਼ਰਾਬ ਤਿਆਰ ਕਰਨ ਤੇ ਵੇਚਣ ਦੇ ਪੂਰੇ ਨੈੱਟਵਰਕ ਬਾਰੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
