
ਸੁਨਾਮ, 26 ਜੁਲਾਈ 2026: ਪੰਜਾਬ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਹੜਤਾਲੀ ਕਰਮਚਾਰੀਆਂ ਨੂੰ ਤੁਰੰਤ ਹੜਤਾਲ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਝੋਨੇ ਦੀ ਲਵਾਈ ਦਾ ਸੀਜ਼ਨ ਆਪਣੇ ਨਿਰਣਾਇਕ ਪੜਾਅ ਵਿੱਚ ਹੈ ਅਤੇ ਬਿਜਲੀ ਸੇਵਾਵਾਂ ਵਿੱਚ ਰੁਕਾਵਟ ਕਾਰਨ ਕਿਸਾਨਾਂ, ਘਰੇਲੂ ਖਪਤਕਾਰਾਂ, ਵਪਾਰੀਆਂ ਅਤੇ ਸੂਬੇ ਦੇ ਲਗਭਗ ਤਿੰਨ ਕਰੋੜ ਲੋਕਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਹਮੇਸ਼ਾ ਗੱਲਬਾਤ ਦੇ ਹੱਕ ਵਿੱਚ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀ ਯੂਨੀਅਨਾਂ ਦੀ ਮੰਗ ‘ਤੇ ਕਰੀਬ 25 ਦਿਨ ਪਹਿਲਾਂ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਸੀ, ਜੋ ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ‘ਤੇ ਲਗਾਤਾਰ ਵਿਚਾਰ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਮੇਟੀ ਵੱਲੋਂ ਕੀਤੀ ਹਰ ਜਾਇਜ਼ ਸਿਫ਼ਾਰਸ਼ ਨੂੰ ਸਰਕਾਰ ਗੰਭੀਰਤਾ ਨਾਲ ਸਵੀਕਾਰ ਕਰੇਗੀ।
ਝੋਨੇ ਦੇ ਸੀਜ਼ਨ ਵਿੱਚ ਹੜਤਾਲ ਨਾਲ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ
ਅਮਨ ਅਰੋੜਾ ਨੇ ਕਿਹਾ ਕਿ 21 ਜੁਲਾਈ ਤੋਂ ਚੱਲ ਰਹੀ ਹੜਤਾਲ ਕਾਰਨ ਸਭ ਤੋਂ ਵੱਧ ਪ੍ਰਭਾਵ ਕਿਸਾਨਾਂ ‘ਤੇ ਪਿਆ ਹੈ। ਇਸ ਸਮੇਂ ਝੋਨੇ ਦੀ ਲਵਾਈ ਅਤੇ ਸਿੰਚਾਈ ਲਈ ਬਿਜਲੀ ਦੀ ਲਗਾਤਾਰ ਲੋੜ ਹੁੰਦੀ ਹੈ, ਪਰ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਘਰੇਲੂ ਖਪਤਕਾਰ, ਦੁਕਾਨਦਾਰ, ਛੋਟੇ ਉਦਯੋਗ, ਵਪਾਰੀ ਅਤੇ ਆਮ ਪਰਿਵਾਰ ਵੀ ਬਿਜਲੀ ਸੇਵਾਵਾਂ ਵਿੱਚ ਵਿਘਨ ਕਾਰਨ ਰੋਜ਼ਾਨਾ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਕਰਮਚਾਰੀਆਂ ਦੀ ਭਲਾਈ ਲਈ ਸਰਕਾਰ ਨੇ ਲਏ ਕਈ ਇਤਿਹਾਸਕ ਫ਼ੈਸਲੇ
ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਹਮੇਸ਼ਾ ਕਰਮਚਾਰੀਆਂ ਦੇ ਹੱਕ ਵਿੱਚ ਖੜ੍ਹੀ ਰਹੀ ਹੈ। ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ, ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ, ਵੱਖ-ਵੱਖ ਵਰਗਾਂ ਨੂੰ ਸੇਵਾ ਲਾਭ ਦਿੱਤੇ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਕਈ ਮੰਗਾਂ ਦਾ ਹੱਲ ਕੀਤਾ।
ਉਨ੍ਹਾਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਦੀਆਂ ਵੀ ਕਈ ਮੰਗਾਂ ਪਹਿਲਾਂ ਹੀ ਮੰਨੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਮੰਗਾਂ ‘ਤੇ ਵੀ ਸਰਕਾਰ ਸਕਾਰਾਤਮਕ ਰਵੱਈਆ ਅਪਣਾ ਰਹੀ ਹੈ।
ਕਰਮਚਾਰੀਆਂ ਦੀ ਮੰਗ ‘ਤੇ ਹੀ ਬਣਾਈ ਗਈ ਉੱਚ ਪੱਧਰੀ ਕਮੇਟੀ
ਕੈਬਨਿਟ ਮੰਤਰੀ ਨੇ ਦੱਸਿਆ ਕਿ ਕਰਮਚਾਰੀ ਯੂਨੀਅਨਾਂ ਦੀ ਸਲਾਹ ਅਤੇ ਮੰਗ ਦੇ ਆਧਾਰ ‘ਤੇ ਸਰਕਾਰ ਨੇ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਵਿੱਚ ਵਿੱਤ, ਬਿਜਲੀ ਅਤੇ ਪਰਸੋਨਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਕਰਮਚਾਰੀ ਯੂਨੀਅਨਾਂ ਦੇ ਨੁਮਾਇੰਦੇ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਕਮੇਟੀ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਅਤੇ ਸਾਰੇ ਮੁੱਦਿਆਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਗੱਲਬਾਤ ਦੀ ਪ੍ਰਕਿਰਿਆ ਜਾਰੀ ਹੋਣ ਦੇ ਬਾਵਜੂਦ ਹੜਤਾਲ ਜਾਰੀ ਰੱਖਣਾ ਜਨਹਿੱਤ ਵਿੱਚ ਨਹੀਂ ਹੈ।
“ਸਰਕਾਰ ਤੁਹਾਡੀ ਹੈ, ਜਨਤਾ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ?”
ਅਮਨ ਅਰੋੜਾ ਨੇ ਕਿਹਾ ਕਿ ਕਰਮਚਾਰੀਆਂ ਅਤੇ ਸਰਕਾਰ ਵਿਚਾਲੇ ਗੱਲਬਾਤ ਜਾਰੀ ਹੈ, ਇਸ ਲਈ ਆਮ ਲੋਕਾਂ ਨੂੰ ਪਰੇਸ਼ਾਨ ਕਰਕੇ ਸਰਕਾਰ ‘ਤੇ ਦਬਾਅ ਬਣਾਉਣਾ ਠੀਕ ਨਹੀਂ ਹੈ।
ਉਨ੍ਹਾਂ ਕਿਹਾ, “ਸਰਕਾਰ ਤੁਹਾਡੀ ਹੈ ਅਤੇ ਤੁਸੀਂ ਵੀ ਜਨਤਾ ਦੇ ਸੇਵਕ ਹੋ। ਜੇਕਰ ਕੋਈ ਮੰਗ ਹੈ ਤਾਂ ਉਸਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ। ਬੇਕਸੂਰ ਲੋਕਾਂ ਅਤੇ ਕਿਸਾਨਾਂ ਨੂੰ ਮੁਸ਼ਕਲ ਵਿੱਚ ਪਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।”
ਕਿਸਾਨ ਦੀ ਪੀੜਾ ਸਾਂਝੀ ਕਰਦਿਆਂ ਹੋਏ ਭਾਵੁਕ
ਪਿੰਡਾਂ ਦੇ ਦੌਰੇ ਦਾ ਹਵਾਲਾ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਮੁਲਾਕਾਤ ਇੱਕ ਅਜਿਹੇ ਕਿਸਾਨ ਨਾਲ ਹੋਈ ਜੋ ਤਿੰਨ ਏਕੜ ਠੇਕੇ ਦੀ ਜ਼ਮੀਨ ‘ਤੇ ਖੇਤੀ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਉਸ ਕਿਸਾਨ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਉਸਦੀ ਫ਼ਸਲ ਅਤੇ ਰੋਜ਼ੀ-ਰੋਟੀ ਦੋਵੇਂ ਖ਼ਤਰੇ ਵਿੱਚ ਪੈ ਗਏ ਹਨ।
ਅਰੋੜਾ ਨੇ ਕਿਹਾ, “ਅਜਿਹੇ ਕਿਸਾਨਾਂ ਦਾ ਕੀ ਕਸੂਰ ਹੈ? ਜੇਕਰ ਕੋਈ ਵਿਵਾਦ ਹੈ ਤਾਂ ਉਹ ਸਰਕਾਰ ਅਤੇ ਕਰਮਚਾਰੀਆਂ ਵਿਚਾਲੇ ਹੈ। ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਨਹੀਂ ਭੁਗਤਣਾ ਚਾਹੀਦਾ।”
ਮੁੱਖ ਮੰਤਰੀ ਖੁਦ ਕਰ ਰਹੇ ਹਨ ਮਾਮਲੇ ਦੀ ਨਿਗਰਾਨੀ
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਸ ਪੂਰੇ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੀ ਕਰਮਚਾਰੀ ਯੂਨੀਅਨਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਮਸਲੇ ਦਾ ਹੱਲ ਗੱਲਬਾਤ ਰਾਹੀਂ ਕੱਢਣ ਲਈ ਯਤਨਸ਼ੀਲ ਹਨ।
ਸਰਕਾਰ ਹਰ ਜਾਇਜ਼ ਮੰਗ ਮੰਨਣ ਲਈ ਤਿਆਰ
ਅਮਨ ਅਰੋੜਾ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਕਿਸੇ ਵੀ ਕਰਮਚਾਰੀ ਯੂਨੀਅਨ ਦੀ ਹਰ ਜਾਇਜ਼ ਮੰਗ ਸੁਣਨ ਅਤੇ ਉਸਦਾ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਕਰਮਚਾਰੀ ਕਿਸੇ ਵੀ ਸਮੇਂ ਮੁੱਖ ਮੰਤਰੀ, ਬਿਜਲੀ ਮੰਤਰੀ ਜਾਂ ਹੋਰ ਸਬੰਧਤ ਮੰਤਰੀਆਂ ਨਾਲ ਮਿਲ ਕੇ ਆਪਣਾ ਪੱਖ ਰੱਖ ਸਕਦੇ ਹਨ ਅਤੇ ਜਿਹੜੀ ਵੀ ਮੰਗ ਪੰਜਾਬ, ਕਰਮਚਾਰੀਆਂ ਅਤੇ ਲੋਕਾਂ ਦੇ ਹਿੱਤ ਵਿੱਚ ਹੋਵੇਗੀ, ਉਸ ‘ਤੇ ਸਕਾਰਾਤਮਕ ਫ਼ੈਸਲਾ ਲਿਆ ਜਾਵੇਗਾ।
90 ਫ਼ੀਸਦੀ ਕਰਮਚਾਰੀ ਹੜਤਾਲ ‘ਤੇ, ਤਿੰਨ ਕਰੋੜ ਲੋਕ ਪ੍ਰਭਾਵਿਤ
ਅਮਨ ਅਰੋੜਾ ਨੇ ਦੱਸਿਆ ਕਿ ਪਾਵਰ ਕਾਰਪੋਰੇਸ਼ਨ ਦੇ ਲਗਭਗ 18,500 ਕਰਮਚਾਰੀ, ਜੋ ਕੁੱਲ ਸਟਾਫ਼ ਦਾ ਕਰੀਬ 90 ਫ਼ੀਸਦੀ ਹਨ, ਹੜਤਾਲ ‘ਤੇ ਹਨ। ਇਸ ਕਾਰਨ ਸੂਬੇ ਦੇ ਕਰੀਬ ਤਿੰਨ ਕਰੋੜ ਲੋਕਾਂ ‘ਤੇ ਸਿੱਧਾ ਪ੍ਰਭਾਵ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਜ਼ਰੂਰੀ ਜਨਤਕ ਸੇਵਾਵਾਂ ਨੂੰ ਪ੍ਰਭਾਵਿਤ ਕਰਕੇ ਦਬਾਅ ਬਣਾਉਣ ਦੀ ਕੋਸ਼ਿਸ਼ ਨਾ ਸਰਕਾਰ ਕਬੂਲ ਕਰੇਗੀ ਅਤੇ ਨਾ ਹੀ ਪੰਜਾਬ ਦੇ ਲੋਕ।
ਕਿਸਾਨ ਜਥੇਬੰਦੀਆਂ ਨੂੰ ਵੀ ਕੀਤੀ ਅਪੀਲ
ਅਮਨ ਅਰੋੜਾ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਕਰਮਚਾਰੀ ਯੂਨੀਅਨਾਂ ਨਾਲ ਸੰਵਾਦ ਕਰਨ ਅਤੇ ਜਨਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਹੜਤਾਲ ਖਤਮ ਕਰਵਾਉਣ ਲਈ ਸਕਾਰਾਤਮਕ ਭੂਮਿਕਾ ਨਿਭਾਉਣ।
“ਗੱਲਬਾਤ ਨਾਲ ਹਰ ਮਸਲਾ ਹੱਲ ਹੋ ਸਕਦਾ ਹੈ”
ਆਪਣੀ ਅੰਤਿਮ ਅਪੀਲ ਵਿੱਚ ਅਮਨ ਅਰੋੜਾ ਨੇ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਤੁਰੰਤ ਹੜਤਾਲ ਵਾਪਸ ਲੈਣ ਅਤੇ ਬਿਜਲੀ ਸੇਵਾਵਾਂ ਨੂੰ ਮੁੜ ਸੁਚਾਰੂ ਬਣਾਉਣ।
ਉਨ੍ਹਾਂ ਕਿਹਾ, “ਹਰ ਜਾਇਜ਼ ਮੰਗ ਗੱਲਬਾਤ ਰਾਹੀਂ ਹੱਲ ਕੀਤੀ ਜਾਵੇਗੀ, ਪਰ ਜਨਤਾ ਨੂੰ ਪਰੇਸ਼ਾਨ ਕਰਕੇ ਸਰਕਾਰ ‘ਤੇ ਦਬਾਅ ਪਾਉਣ ਦਾ ਰਸਤਾ ਠੀਕ ਨਹੀਂ। ਆਓ, ਪੰਜਾਬ ਅਤੇ ਪੰਜਾਬੀਆਂ ਦੇ ਵਿਆਪਕ ਹਿੱਤਾਂ ਨੂੰ ਪਹਿਲ ਦੇਈਏ ਅਤੇ ਸੰਵਾਦ ਰਾਹੀਂ ਹਰ ਸਮੱਸਿਆ ਦਾ ਹੱਲ ਕੱਢੀਏ।”
