
ਚੰਡੀਗੜ੍ਹ, 28 ਅਕਤੂਬਰ 2026: ਹਰਿਆਣਾ ਸਰਕਾਰ ਵੱਲੋਂ ਗੰਨਾ ਤਕਨਾਲੋਜੀ ਮਿਸ਼ਨ ਤਹਿਤ ਸਾਲ 2026-27 ਦੌਰਾਨ ਗੰਨਾ ਕਾਸ਼ਤਕਾਰਾਂ ਨੂੰ ਆਧੁਨਿਕ ਖੇਤੀਬਾੜੀ ਮਸ਼ੀਨਾਂ ਅਤੇ ਉਪਕਰਣਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਯੋਜਨਾ ਦਾ ਉਦੇਸ਼ ਗੰਨੇ ਦੀ ਖੇਤੀ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨਾ ਅਤੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨਾ ਹੈ। ਯੋਜਨਾ ਦਾ ਲਾਭ ਲੈਣ ਲਈ ਕਿਸਾਨ 31 ਅਕਤੂਬਰ 2026 ਤੱਕ ਆਨਲਾਈਨ ਅਰਜ਼ੀਆਂ ਦੇ ਸਕਦੇ ਹਨ।
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਿਸ਼ਨ ਤਹਿਤ ਕਿਸਾਨਾਂ ਨੂੰ ਵੱਖ-ਵੱਖ ਕਿਸਮਾਂ ਦੇ ਆਧੁਨਿਕ ਖੇਤੀਬਾੜੀ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚ 30 ਤੋਂ 120 ਲੀਟਰ ਸਮਰੱਥਾ ਵਾਲੇ ਬਿਜਲੀ ਨਾਲ ਚੱਲਣ ਵਾਲੇ ਗੰਨੇ ਦੇ ਸੈੱਟ ਟ੍ਰੀਟਮੈਂਟ ਉਪਕਰਣ, 5 ਤੋਂ 7.5 ਬੀਐਚਪੀ ਇੰਜਣ ਵਾਲੇ ਪਾਵਰ ਵੀਡਰ ਅਤੇ ਗੰਨੇ ਦੀ ਫ਼ਸਲ ਦੇ ਪ੍ਰਬੰਧਨ ਲਈ ਰੈਟੂਨ ਮੈਨੇਜਰ ਸ਼ਾਮਲ ਹਨ।
ਇਸ ਤੋਂ ਇਲਾਵਾ, ਕਿਸਾਨ ਚੌੜੀਆਂ ਕਤਾਰਾਂ ਵਿੱਚ ਕਾਸ਼ਤ ਲਈ ਵਰਤੇ ਜਾਣ ਵਾਲੇ ਰਿੱਜਰ, 4 ਫੁੱਟ ਦੇ ਰੋਟਾਵੇਟਰ, ਟਰੈਕਟਰ ਨਾਲ ਚੱਲਣ ਵਾਲੇ ਸਪ੍ਰੇਅਰ, ਸਬ-ਸੋਇਲਰ ਜਾਂ ਚੀਜ਼ਲਰ, ਗੰਨੇ ਦੇ ਕਟਰ, ਸਟ੍ਰਿਪਰ ਅਤੇ ਪਲਾਂਟਰ ਵਰਗੇ ਉਪਕਰਣਾਂ ਲਈ ਵੀ ਅਰਜ਼ੀ ਦੇ ਸਕਦੇ ਹਨ। ਯੋਜਨਾ ਤਹਿਤ ਮਿੰਨੀ ਟਰੈਕਟਰਾਂ ਦਾ ਲਾਭ ਲੈਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸੰਦਾਂ ਦਾ ਲਾਭ ਲੈਣ ਦੇ ਚਾਹਵਾਨ ਕਿਸਾਨ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.agriharyana.gov.in ’ਤੇ ਜਾ ਕੇ ਨਿਰਧਾਰਤ ਸਮੇਂ ਅੰਦਰ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 31 ਅਕਤੂਬਰ ਦੀ ਆਖ਼ਰੀ ਮਿਤੀ ਤੋਂ ਪਹਿਲਾਂ ਅਰਜ਼ੀ ਪ੍ਰਕਿਰਿਆ ਪੂਰੀ ਕਰਨ ਅਤੇ ਗੰਨੇ ਦੀ ਖੇਤੀ ਨੂੰ ਹੋਰ ਸੁਚਾਰੂ ਤੇ ਆਧੁਨਿਕ ਬਣਾਉਣ ਲਈ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ। ਯੋਜਨਾ ਸਬੰਧੀ ਵਿਸਤ੍ਰਿਤ ਜਾਣਕਾਰੀ ਅਤੇ ਦਿਸ਼ਾ-ਨਿਰਦੇਸ਼ ਵਿਭਾਗ ਦੀ ਵੈੱਬਸਾਈਟ ’ਤੇ ਉਪਲਬਧ ਹਨ।
